ਕਮਿਸ਼ਨਰ ਦਫਤਰ ਮੂਹਰੇ ਵਾਸੂ ਦੇ ਪਰਿਵਾਰਕ ਮੈਂਬਰਾਂ ਦਾ ਰੋਸ ਮੁਜ਼ਾਹਰਾ
ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ
Publish Date: Mon, 09 Feb 2026 07:17 PM (IST)
Updated Date: Mon, 09 Feb 2026 07:20 PM (IST)

ਬਾਥ ਕੈਸਲ ਵਿੱਚ ਗੈਂਗਸਟਰਾਂ ਟਕਰਾਅ ਦੇ ਦੌਰਾਨ ਮਾਸੂਮ ਨੌਜਵਾਨ ਦੀ ਹੋ ਗਈ ਸੀ ਮੌਤ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ ਫੋਟੋ ਨੰਬਰ-30,31 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਕੁੱਝ ਹਫਤੇ ਪਹਿਲਾਂ ਲੁਧਿਆਣਾ ਦੇ ਮੈਰਿਜ ਪੈਲਸ ਬਾਥ ਕੈਸਲ ਵਿੱਚ ਗੈਂਗਸਟਰਾਂ ਦੀਆਂ ਦੋ ਧਿਰਾਂ ਵਿਚਕਾਰ ਹੋਈ ਜ਼ਬਰਦਸਤ ਫਾਇਰਿੰਗ ਦੇ ਦੌਰਾਨ ਲੁਧਿਆਣਾ ਦੇ ਇੱਕ ਹੌਜ਼ਰੀ ਕਾਰੋਬਾਰੀ ਦੀ ਮੌਤ ਹੋ ਗਈ ਸੀ। ਮ੍ਰਿਤਕ ਵਾਸੂ ਦੇ ਪਰਿਵਾਰਿਕ ਮੈਂਬਰਾਂ ਨੇ ਮੁਖ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਆਖਿਆ ਕਿ ਕਈ ਹਫਤੇ ਬੀਤ ਜਾਣ ਦੇ ਬਾਵਜੂਦ ਮੁੱਖ ਮੁਲਜਮ ਪੁਲਿਸ ਗ੍ਰਿਫਤ ਚੋਂ ਬਾਹਰ ਹੈ। ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਬਾਥ ਕੈਸਲ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਉਨਾਂ ਦੇ ਪਰਿਵਾਰ ਦਾ ਇਕੱਲਾ ਕਮਾਊ ਵਿਅਕਤੀ ਗੈਂਗਸਟਰਾਂ ਦੀ ਨਫਰਤ ਦਾ ਸ਼ਿਕਾਰ ਹੋ ਗਿਆ ਸੀ। ਉਹਨਾਂ ਆਖਿਆ ਕਿ ਉਸ ਦਿਨ ਤੋਂ ਬਾਅਦ ਪਰਿਵਾਰਿਕ ਮੈਂਬਰ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਏ। ਲੁਧਿਆਣਾ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਤਾਂ ਕਾਬੂ ਕੀਤਾ ਹੈ ਪਰ ਮੁੱਖ ਮੁਲਜਮ ਅਜੇ ਤੱਕ ਵੀ ਨਹੀਂ ਫੜੇ ਗਏ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮਾਮਲੇ ਦੇ ਮੁੱਖ ਦੋਸ਼ੀ ਅਤੇ ਸ਼ੂਟਰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤੇ ਗਏ। ਧਰਨਾ ਦੇ ਰਹੇ ਪਰਿਵਾਰਕ ਮੈਂਬਰਾਂ ਨੇ ਵਾਸੂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਇਨਸਾਫ਼ ਦੀ ਗੁਹਾਰ ਲਗਾਈ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਦਿਲਾਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਕੁਝ ਗ੍ਰਿਫ਼ਤਾਰੀਆਂ ਤਾਂ ਕੀਤੀਆਂ ਹਨ ਪਰ ਅਸਲ ਸਾਜ਼ਿਸ਼ਕਾਰ ਅਤੇ ਮੁੱਖ ਸ਼ੂਟਰ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਭਾਵੁਕ ਹੋ ਕੇ ਕਿਹਾ ਕਿ “ਜਿਸ ਦਿਨ ਸਾਡੇ ਪੁੱਤਰ ਨੂੰ ਵਿਆਹ ਸਮਾਰੋਹ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਦਿਨ ਤੋਂ ਸਾਡੇ ਘਰ ਦੀ ਖੁਸ਼ੀ ਖਤਮ ਹੋ ਗਈ। ਹੁਣ ਤਾਂ ਵਿਆਹ ਦਾ ਕਾਰਡ ਵੀ ਵੇਖ ਕੇ ਦਿਲ ਕੰਬ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਸਮਾਰੋਹ ਵਿੱਚ ਜਾਣ ਦੀ ਹਿੰਮਤ ਨਹੀਂ ਕਰ ਸਕੇ। ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਜਾਂਚ ਵਿੱਚ ਦੇਰੀ ਕਰ ਰਹੀ ਹੈ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਜਾਂ ਉਨ੍ਹਾਂ ਪ੍ਰਤੀ ਨਰਮੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਜ ਵਾਪਰ ਰਹੀ ਸੀ ਸਾਰੀ ਘਟਨਾ ਜ਼ਿਕਰਯੋਗ ਹੈ ਕਿ 30 ਨਵੰਬਰ ਅਤੇ 1 ਦਸੰਬਰ 2025 ਦੀ ਦਰਮਿਆਨੀ ਰਾਤ ਨੂੰ ਬਾਥ ਕੈਸਲ ਮੈਰਿਜ ਪੈਲੇਸ ਵਿੱਚ ਅੰਕੁਰ ਲੁਧਿਆਣਾ ਅਤੇ ਗੈਂਗਸਟਰ ਸ਼ੁਭਮ ਮੋਟਾ ਦੇ ਗਿਰੋਹਾਂ ਵਿਚਕਾਰ ਖੂਨੀ ਟਕਰਾਅ ਹੋਇਆ ਸੀ। ਦੋਵੇਂ ਪਾਸਿਆਂ ਵੱਲੋਂ ਜਬਰਦਸਤ ਫਾਇਰਿੰਗ ਕੀਤੀ ਗਈ , ਜਿਸ ਦੌਰਾਨ ਗੋਲਾਬਾਰੀ ਦੀ ਲਪੇਟ ਵਿੱਚ ਆ ਕੇ ਬੇਗੁਨਾਹ ਹੋਜ਼ਰੀ ਵਪਾਰੀ ਵਾਸੂ ਅਤੇ ਜਲੰਧਰ ਨਿਵਾਸੀ ਨੀਰੂ ਦੀ ਮੌਤ ਹੋ ਗਈ ਸੀ। ਮੁਲਜਮ ਕਾਬੂ ਨਾ ਕੀਤੇ ਗਏ ਤਾਂ ਅਣਮਿਥੇ ਸਮੇਂ ਲਈ ਦਿੱਤਾ ਜਾਵੇਗਾ ਧਰਨਾ ਧਰਨੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਮੀਟਿੰਗ ਹੋਈ। ਮ੍ਰਿਤਕ ਵਾਸੂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਅਣਮਿਆਦੀ ਧਰਨਾ ਸ਼ੁਰੂ ਕਰਾਂਗੇ।