ਮਹਿਲਾ ਕਾਂਗਰਸ ਵੱਲੋਂ 48000 ਰੁਪਏ ਨਾ ਦੇਣ ਦੇ ਵਿਰੋਧ ’ਚ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ
ਮਹਿਲਾ ਕਾਂਗਰਸ ਵੱਲੋਂ 48000 ਰੁਪਏ ਨਾ ਦੇਣ ਦੇ ਵਿਰੋਧ ਵਿੱਚ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ
Publish Date: Mon, 16 Mar 2026 06:57 PM (IST)
Updated Date: Mon, 16 Mar 2026 07:01 PM (IST)

- ਵਿਧਾਇਕ ਭੋਲਾ ਗਰੇਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਭੰਡਿਆ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਹਰ ਹਲਕੇ ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਆਦੇਸ਼ਾਂ ਅਨੁਸਾਰ ਵਿਧਾਨ ਸਭਾਹ ਹਲਕਾ ਲੁਧਿਆਣਾ ਪੂਰਬੀ ਦੀਆਂ ਔਰਤਾਂ ਵੱਲੋਂ ਅੱਜ ਮਹਿਲਾ ਕਾਂਗਰਸ ਦੀ ਅਗਵਾਈ ’ਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਹੁਣ ਤੱਕ ਬਣਦੇ 48,000 ਨਾ ਦੇਣ ਦੇ ਵਿਰੋਧ ’ਚ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਦੀ ਅਗਵਾਈ ਹੇਠ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ। ਔਰਤਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਹਰ ਮਹਿਲਾ ਨੂੰ ਹਰ ਮਹੀਨੇ 1000 ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਹੁਣ ਤੱਕ ਦੇ ਹਿਸਾਬ ਨਾਲ 48,000 ਬਣਦਾ ਹੈ। ਪਰ ਹੁਣ ਸਰਕਾਰ ਸਿਰਫ 1000 ਰੁਪਏ ਦੇਣ ਦੀ ਐਲਾਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਔਰਤਾਂ ਨੇ ਮੰਗ ਕੀਤੀ ਕਿ ਸਾਨੂੰ 1000 ਨਹੀਂ, ਸਗੋਂ ਕੀਤਾ ਗਿਆ ਵਾਅਦਾ ਮੁਤਾਬਕ ਹੁਣ ਤੱਕ ਦੇ 48,000 ਦਿੱਤੇ ਜਾਣ। ਇਸ ਮੌਕੇ ਔਰਤਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਔਰਤਾਂ ਨਾਲ ਕੀਤਾ ਵਾਅਦਾ ਤੁਰੰਤ ਪੂਰਾ ਕੀਤਾ ਜਾਵੇ। ਇਸ ਮੌਕੇ ਰਾਜ ਰਾਣੀ ਖਟਕ, ਮਨਜੀਤ ਕੌਰ, ਕਿਰਣ, ਨੀਤੂ ਯਾਦਵ, ਸੁਨੀਤਾ, ਅਨੀਤਾ ਸਿੰਹਾ, ਅਨੀਤਾ ਦੇਵੀ, ਕਮਲਜੀਤ ਕੌਰ, ਨਿਕੀਤਾ, ਕਰਮਜੀਤ, ਕ੍ਰਾਂਤੀ, ਕਿਰਣ ਮਿਸਰਾ, ਰੂਪ ਰਾਣੀ, ਸੁਮਨ ਲੋਹਰਾ, ਮਮਤਾ ਦੁਗਲ ਅਤੇ ਕਰਮੀਰ ਕੌਰ ਵੀ ਖਾਸ ਤੌਰ ‘ਤੇ ਮੌਜੂਦ ਸਨ।