ਵੱਡੇ ਭਰਾ ਨੇ ਛੋਟੇ ਨੂੰ ਦੂਜੀ ਮੰਜ਼ਿਲ ਤੋਂ ਸੁੱਟਿਆ, ਗੰਭੀਰ ਜਖ਼ਮੀ
ਜਾਇਦਾਦੀ ਝਗੜੇ ਨੇ ਧਾਰਿਆ ਖੂਨੀ ਰੂਪ, ਵੱਡੇ ਭਰਾ ਨੇ ਛੋਟੇ ਨੂੰ ਦੂਜੀ ਮੰਜ਼ਿਲ ਤੋਂ ਸੁੱਟਿਆ, ਗੰਭੀਰ ਜਖ਼ਮੀ
Publish Date: Fri, 27 Feb 2026 08:23 PM (IST)
Updated Date: Sat, 28 Feb 2026 04:08 AM (IST)

ਦੋ ਮਹੀਨੇ ਬਾਅਦ ਪੁਲਿਸ ਨੇ ਕੀਤਾ ਮੁਕੱਦਮਾ ਦਰਜ ਕ੍ਰਾਈਮ ਰਿਪੋ੍ਰਟਰ, ਪੰਜਾਬੀ ਜਾਗਰਣ, ਲੁਧਿਆਣਾ ਜਾਇਦਾਦ ਦੇ ਵਿਵਾਦ ਕਾਰਨ ਦੋ ਭਰਾਵਾਂ ਵਿਚਕਾਰ ਝਗੜਾ ਇਸ ਕਦਰ ਵਧ ਗਿਆ ਕਿ ਵੱਡੇ ਭਰਾ ਨੇ ਛੋਟੇ ਭਰਾ ਨੂੰ ਮਾਰਨ ਦੀ ਨੀਅਤ ਨਾਲ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਗਲੀ ਵਿੱਚ ਸੁੱਟ ਦਿੱਤਾ। ਇਸ ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਲੱਗਭਗ ਦੋ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ, ਦੋ ਮਹੀਨੇ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਪ੍ਰੇਮ ਨਗਰ ਨਿਵਾਸੀ ਮਹਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਉਸਦੇ ਵੱਡੇ ਭਰਾ ਹੰਸਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ 26 ਦਸੰਬਰ ਦੀ ਰਾਤ ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ ’ਤੇ ਸੁੱਤਾ ਹੋਇਆ ਸੀ। ਇਸ ਦੌਰਾਨ ਉਸਦਾ ਵੱਡਾ ਭਰਾ ਉੱਥੇ ਆ ਗਿਆ ਤੇ ਜਾਇਦਾਦੀ ਝਗੜੇ ਨੂੰ ਲੈ ਕੇ ਗਾਲਾਂ ਕੱਢਣ ਲੱਗ ਪਿਆ। ਦੋਸ਼ੀ ਨੇ ਗੁੱਸੇ ਵਿੱਚ ਆ ਕੇ ਘਰ ਦਾ ਸਮਾਨ ਤੋੜਿਆ ਅਤੇ ਘਰ ਵਿੱਚ ਹੰਗਾਮਾ ਕੀਤਾ। ਇਸ ਤੋਂ ਬਾਅਦ ਉਹ ਛੱਤ ’ਤੇ ਗਿਆ, ਜਿੱਥੇ ਛੋਟਾ ਭਰਾ ਸੁੱਤਾ ਪਿਆ ਸੀ। ਪਹਿਲਾਂ ਉਸ ਨਾਲ ਕਥਿਤ ਤੌਰ ’ਤੇ ਮਾਰਕੁੱਟ ਕੀਤੀ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਦੂਜੀ ਮੰਜ਼ਿਲ ਤੋਂ ਹੇਠਾਂ ਗਲੀ ਵਿੱਚ ਸੁੱਟ ਦਿੱਤਾ। ਗਲੀ ਵਿੱਚ ਡਿੱਗਣ ਕਾਰਨ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਦੋਵਾਂ ਪੱਖਾਂ ਵਿਚਕਾਰ ਰਾਜ਼ੀਨਾਮੇ ਦੀ ਗੱਲਬਾਤ ਚੱਲ ਰਹੀ ਸੀ ਪਰ ਬਾਅਦ ਵਿੱਚ ਸ਼ਿਕਾਇਤ ਦਰਜ ਮਿਲਨ ਤੇ ਐਪ ਆਈ ਆਰ ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ, ਜਲਦੀ ਹੀ ਉਸ ਨੂੰ ਗਿਰਫ਼ਤਾਰ ਕੀਤਾ ਜਾਵੇਗਾ।