ਵਿਆਹ ਸਮਾਰੋਹ ਦੌਰਾਨ ਪ੍ਰਾਪਰਟੀ ਡੀਲਰ ਨਾਲ ਕੁੱਟਮਾਰ
ਵਿਆਹ ਸਮਾਰੋਹ ਦੌਰਾਨ ਪ੍ਰਾਪਰਟੀ ਡੀਲਰ ਨਾਲ ਕੁੱਟਮਾਰ
Publish Date: Wed, 18 Mar 2026 09:29 PM (IST)
Updated Date: Thu, 19 Mar 2026 04:13 AM (IST)

* ਹਿੰਦੂ ਆਗੂ ਸਮੇਤ ਕਈਆਂ ਖ਼ਿਲਾਫ਼ ਮਾਮਲਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਵਿਆਹ ਸਮਾਰੋਹ ਦੌਰਾਨ ਇਕ ਪ੍ਰਾਪਰਟੀ ਡੀਲਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਪੁਲਿਸ ਨੇ ਸ਼ਹਿਰ ਦੇ ਇਕ ਹਿੰਦੂ ਸੰਗਠਨ ਨਾਲ ਸਬੰਧਤ ਆਗੂ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪੱਖੋਵਾਲ ਰੋਡ ਸਥਿਤ ਇਕ ਵੇਡਿੰਗ ਰਿਜ਼ੋਰਟ ’ਚ ਵਾਪਰੀ, ਜਿੱਥੇ ਦੇਰ ਰਾਤ ਇਕ ਛੋਟਾ ਜਿਹਾ ਵਿਵਾਦ ਹਿੰਸਕ ਝਗੜੇ ’ਚ ਤਬਦੀਲ ਹੋ ਗਿਆ। ਪੁਲਿਸ ਵੱਲੋਂ ਰੋਹਿਤ ਸਾਹਨੀ, ਰਾਣਾ ਅਹੁਜਾ, ਆਸ਼ੀਸ਼ ਨਰੰਗ ਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਸ਼ਹੀਦ ਭਗਤ ਸਿੰਘ ਨਗਰ ਵਾਸੀ ਪੰਕਜ ਵਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਅਨੁਸਾਰ ਉਹ ਪ੍ਰਾਪਰਟੀ ਦੀ ਖ਼ਰੀਦ-ਫਰੋਖ਼ਤ ਦਾ ਕਾਰੋਬਾਰ ਕਰਦਾ ਹੈ ਤੇ ਮੰਗਲਵਾਰ ਰਾਤ ਆਪਣੇ ਪਰਿਵਾਰ ਸਮੇਤ ਇਕ ਦੋਸਤ ਦੀ ਧੀ ਦੇ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਰਿਜ਼ੋਰਟ ਗਿਆ ਸੀ। ਉਸ ਮੁਤਾਬਕ, ਰਿਜ਼ੋਰਟ ਦੇ ਦਰਵਾਜ਼ੇ ’ਤੇ ਰੋਹਿਤ ਸਾਹਨੀ ਨੇ ਉਸ ਨੂੰ ਰੋਕ ਕੇ ਪੁੱਛਿਆ ਕਿ ਉਹ ਉਸ ਨੂੰ ਜਾਣਦਾ ਹੈ। ਇਨਕਾਰ ਕਰਨ ’ਤੇ ਦੋਸ਼ੀ ਨੇ ਖ਼ੁਦ ਨੂੰ ਹਿੰਦੂ ਆਗੂ ਦੱਸਦਿਆਂ ਉਸ ਨੂੰ ਬਾਹਰ ਆਉਣ ਲਈ ਕਿਹਾ, ਪਰ ਉਸ ਸਮੇਂ ਉਸ ਨੇ ਗੱਲ ਨੂੰ ਅਣਡਿੱਠਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਜਦੋਂ ਉਹ ਪਾਰਕਿੰਗ ’ਚ ਗਿਆ ਤਾਂ ਮੁਲਜ਼ਮ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਏ ਤੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਪੱਖੋਵਾਲ ਰੋਡ ’ਤੇ ਸਥਿਤ 500 ਗਜ਼ ਦੇ ਪਲਾਟ ਨੂੰ ਲੈ ਕੇ ਉਸ ਨੂੰ ਧਮਕਾਇਆ ਗਿਆ ਕਿ ਉਹ ਇਸ ਜ਼ਮੀਨ ’ਚ ਦਿਲਚਸਪੀ ਨਾ ਲਵੇ ਕਿਉਂਕਿ ਇਸ ’ਤੇ ਉਨ੍ਹਾਂ ਦਾ ਕਬਜ਼ਾ ਹੈ। ਵਿਰੋਧ ਕਰਨ ’ਤੇ ਦੋਸ਼ੀਆਂ ਨੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਉਸ ਦਾ ਲਾਇਸੈਂਸੀ ਪਿਸਤੌਲ ਤੇ ਸੋਨੇ ਦਾ ਕੜਾ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਹਰਚਰਨ ਸਿੰਘ ਮੁਤਾਬਕ ਹਾਲੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਮਾਮਲੇ ਦੀ ਜਾਂਚ ਜਾਰੀ ਹੈ।