ਭਰਪੂਰ ਸਮਰਥਨ ਪੰਜਾਬ ’ਚ ਵੱਡੇ ਬਦਲਾਅ ਦਾ ਸੰਕੇਤ : ਬੈਂਸ
ਲੋਕ ਪੱਖੀ ਆਗੂਆਂ ਨੂੰ ਮਿਲ ਰਿਹਾ ਭਰਪੂਰ ਸਮਰਥਨ ਪੰਜਾਬ ਵਿੱਚ ਵੱਡੇ ਬਦਲਾਅ ਦਾ ਸੰਕੇਤ-ਬੈਂਸ
Publish Date: Fri, 05 Jun 2026 07:37 PM (IST)
Updated Date: Sat, 06 Jun 2026 04:09 AM (IST)

ਲੁਧਿਆਣਾ ਵਿਖੇ ਮਲੋਟ ਤੋਂ ਨਵੇਂ ਜਿੱਤੇ 8 ਕੌਂਸਲਰਾਂ ਦਾ ਬੈਂਸ ਦੇ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਲੋਟ ਦੇ ਲੋਕਾਂ ਵੱਲੋਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਮਿਲਿਆ ਭਰਪੂਰ ਸਮਰਥਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਨਤਾ ਅੱਜ ਵੀ ਲੋਕ ਪੱਖੀ ਅਤੇ ਜ਼ਮੀਨੀ ਆਗੂਆਂ ‘ਤੇ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਉਹਨਾਂ ਨੁਮਾਇੰਦਿਆਂ ਨੂੰ ਅੱਗੇ ਲਿਆ ਰਹੇ ਹਨ, ਜੋ ਸੱਚੇ ਦਿਲੋਂ ਲੋਕਾਂ ਦੀ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਕੰਮ ਕਰਨ ਦੀ ਸੋਚ ਰੱਖਦੇ ਹਨ। ਬੈਂਸ ਨੇ ਕਿਹਾ ਕਿ ਨਵੇਂ ਜਿੱਤੇ ਕੌਂਸਲਰਾਂ ਦਾ ਸਨਮਾਨ ਕਰਨਾ ਲੋਕਤੰਤਰ ਅਤੇ ਲੋਕਾਂ ਦੇ ਫ਼ੈਸਲੇ ਦਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ‘ਤੇ ਜਿੱਤ ਹਾਸਲ ਕਰਨ ਵਾਲੇ ਇਹ ਨੁਮਾਇੰਦੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਇਲਾਕੇ ਦੇ ਵਿਕਾਸ ਅਤੇ ਲੋਕ ਹਿੱਤ ਦੇ ਮੁੱਦਿਆਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ, ਝੂਠੇ ਵਾਅਦਿਆਂ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੀ ਹੈ। ਲੋਕਾਂ ਦਾ ਰੁਝਾਨ ਮੁੜ ਕਾਂਗਰਸ ਪਾਰਟੀ ਵੱਲ ਵੱਧ ਰਿਹਾ ਹੈ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਚੜਦੀ ਕਲਾ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਇਸ ਮੌਕੇ ਸ਼ੁੱਭਦੀਪ ਸਿੰਘ ਕਾਕਾ ਬਿੱਟੂ ਨੇ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਸ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਲੜਾਈ ਲੜਦੇ ਰਹੇ ਹਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਤੇ ਲੋਕ ਪੱਖੀ ਚਿਹਰਾ ਹਨ। ਮਲੋਟ ਤੋਂ ਕਾਂਗਰਸ ਪਾਰਟੀ ਦੇ ਆਗੂ ਸ਼ੁੱਭਦੀਪ ਸਿੰਘ ਕਾਕਾ ਬਿੱਟੂ ਦੀ ਅਗਵਾਈ ਹੇਠ ਨਵੇਂ ਜਿੱਤੇ 8 ਕੌਂਸਲਰ ਸਾਹਿਬਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਲੁਧਿਆਣਾ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਬੈਂਸ ਵੱਲੋਂ ਸਾਰੇ ਕੌਂਸਲਰਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰ ਵੀ ਕਈ ਕਾਂਗਰਸੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ।