ਕਣਕ ’ਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਖ਼ਰੀਦ ’ਚ ਆਈ ਰੁਕਾਵਟ, 60 ਤੋਂ 70 ਫ਼ੀਸਦੀ ਨਮੂਨੇ ਹੋਏ ਫੇਲ੍ਹ
ਕਣਕ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਵਿੱਚ ਆਈ ਰੁਕਾਵਟ, 60 ਤੋਂ 70 ਪ੍ਰਤੀਸ਼ਤ ਨਮੂਨੇ ਹੋਏ ਫੇਲ੍ਹ
Publish Date: Wed, 15 Apr 2026 10:49 PM (IST)
Updated Date: Thu, 16 Apr 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਬੇਮੌਸਮੀ ਬਾਰਿਸ਼ ਨੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਵਿੱਚ ਵਿਘਨ ਪਾਇਆ ਹੋਇਆ ਹੈ। ਕੇਂਦਰੀ ਟੀਮ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਨਮੂਨਿਆਂ ਵਿੱਚ ਨਿਰਧਾਰਤ ਸੀਮਾ ਤੋਂ ਵੱਧ ਨਮੀ ਆ ਰਹੀ ਹੈ। ਜਿਸ ਨੂੰ ਦੇਖਦੇ ਖਰੀਦ ਏਜੰਸੀਆਂ ਨੂੰ ਸਿਰਫ਼ ਸੁੱਕੀ ਕਣਕ ਖਰੀਦਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦਾ ਸਿੱਧਾ ਅਸਰ ਖਰੀਦ ਤੇ ਪੈ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਕਿਸਾਨ ਮੰਡੀਆਂ ਵਿੱਚ ਕਣਕ ਲਿਆਉਂਦੇ ਹਨ, ਪਰ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਕਣਕ ਖਰੀਦੀ ਨਹੀਂ ਜਾ ਰਹੀ। ਮੌਕੇ ਤੇ ਕਣਕ ਦੀ ਖਰੀਦ ਤੋਂ ਪਹਿਲਾ ਨਮੀ ਦਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਨਮੀ ਜਿਆਦਾ ਆਉਣ ਤੇ ਕਿਸਾਨਾਂ ਨੂੰ ਕਣਕ ਸੁਕਾਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਸਟਾਂ ਵਿੱਚ ਕਣਕ ਦੀ ਨਮੀ ਦੀ ਮਾਤਰਾ 12 ਪ੍ਰਤੀਸ਼ਤ ਦੀ ਨਿਰਧਾਰਤ ਸੀਮਾ ਤੋਂ ਵੱਧ ਪਾਈ ਗਈ ਹੈ, ਜੋ ਗੁਣਵੱਤਾ ਦੇ ਮਿਆਰਾਂ ਦੀ ਉਲੰਘਣਾ ਕਰਦੀ ਹੈ। ਜਿਸ ਨਾਲ ਮੰਡੀਆਂ ਵਿੱਚ ਕਣਕ ਦੇ ਢੇਰ ਵੱਧ ਰਹੇ ਹਨ। ਜ਼ਿਲ੍ਹੇ ਦੇ ਖੰਨਾ, ਜਗਰਾਉਂ, ਸਮਰਾਲਾ ਅਤੇ ਸਾਹਨੇਵਾਲ ਦੀਆਂ ਮੰਡੀਆਂ ਵਿੱਚ ਸਥਿਤੀ ਸਭ ਤੋਂ ਗੰਭੀਰ ਹੈ। ਜਿੱਥੇ ਲਗਭਗ 60 ਤੋਂ 70 ਪ੍ਰਤੀਸ਼ਤ ਕਣਕ ਦੇ ਨਮੂਨੇ ਫੇਲ੍ਹ ਹੋ ਰਹੇ ਹਨ, ਜਿਸ ਨਾਲ ਖਰੀਦ ਕਾਫ਼ੀ ਹੌਲੀ ਹੋ ਰਹੀ ਹੈ। ਕਈ ਮੰਡੀਆਂ ਵਿੱਚ ਟਰਾਲੀਆਂ ਖੜ੍ਹੀਆਂ ਹਨ, ਪਰ ਨਮੂਨੇ ਪਾਸ ਨਾ ਹੋਣ ਕਾਰਨ ਕਿਸਾਨ ਕਣਕ ਦੇ ਸੁੱਕਣ ਦੀ ਉਡੀਕ ਕਰਨ ਲਈ ਮਜਬੂਰ ਹਨ। ਬਹਾਦਰਕੇ ਰੋਡ, ਗਿੱਲ ਰੋਡ, ਹੰਬੜਾਂ ਮੰਡੀ ਸਮੇਤ ਕਈ ਮੰਡੀਆਂ ਵਿੱਚ ਕਿਸਾਨ ਨਮੀ ਵਾਲੀ ਕਣਕ ਸੁਕਾਉਣ ਵਿੱਚ ਲੱਗੇ ਹੋਏ ਹਨ। ਏਜੰਸੀਆਂ ਨੇ ਵਧਾਈ ਸਖ਼ਤੀ ਖਰੀਦ ਏਜੰਸੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਿਆਰਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਨਮੀ ਵਾਲੀ ਕਣਕ ਖਰੀਦਣ ਨਾਲ ਸਟੋਰੇਜ ਦੌਰਾਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਸਿਰਫ਼ ਸੁੱਕੀ ਕਣਕ ਹੀ ਖਰੀਦੀ ਜਾ ਰਹੀ ਹੈ।ਜਦਕਿ ਮੰਡੀਆਂ ਵਿੱਚ ਕਣਕ ਲੈਕੇ ਪਹੁੰਚੇ ਕਿਸਾਨ ਹੁਣ ਆਪਣੀਆਂ ਫ਼ਸਲਾਂ ਨੂੰ ਖੁੱਲ੍ਹੇ ਵਿੱਚ ਖਿਲਾਰ ਕੇ ਧੁੱਪ ਵਿੱਚ ਸੁਕਾਉਣ ਲਈ ਮਜਬੂਰ ਹਨ। ਬਹੁਤ ਸਾਰੇ ਕਿਸਾਨ ਤਿੰਨ ਤੋਂ ਚਾਰ ਦਿਨਾਂ ਤੋਂ ਮੰਡੀਆਂ ਵਿੱਚ ਫਸੇ ਹੋਏ ਹਨ ਤੇ ਫਸਲ ਦੀ ਨਮੀ ਘੱਟਣ ਦੀ ਉਡੀਕ ਕਰ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਧੁੱਪ ਚਮਕਦੀ ਹੈ, ਤਾਂ ਨਮੀ ਦੀ ਸਮੱਸਿਆ ਘੱਟ ਸਕਦੀ ਹੈ। ਸਿਰਫ਼ 12 ਫ਼ੀਸਦੀ ਨਮੀ ਵਾਲੀ ਕਣਕ ਹੀ ਖ਼ਰੀਦੀ ਜਾਵੇਗੀ : ਚੀਮਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਸਰਤਾਜ ਸਿੰਘ ਚੀਮਾ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਿਰਫ਼ 12 ਪ੍ਰਤੀਸ਼ਤ ਤੱਕ ਨਮੀ ਵਾਲੀ ਕਣਕ ਹੀ ਖਰੀਦ ਲਈ ਯੋਗ ਹੈ। ਵਿਭਾਗ ਕਿਸਾਨਾਂ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਆਪਣੀ ਉਪਜ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।