ਜਗਰਾਓਂ ਦੀਆਂ ਮੰਡੀਆਂ ’ਚ ਖ਼ਰੀਦ ਪ੍ਰਬੰਧ ਰੱਬ ਆਸਰੇ
ਜਗਰਾਓਂ ਦੀਆਂ ਮੰਡੀਆਂ ਵਿਚ ਖ਼ਰੀਦ ਪ੍ਰਬੰਧ ਰੱਬ ਆਸਰੇ
Publish Date: Wed, 01 Apr 2026 09:24 PM (IST)
Updated Date: Wed, 01 Apr 2026 09:28 PM (IST)

-ਸੁੱਤੀ ਪਈ ਜਗਰਾਓਂ ਮਾਰਕੀਟ ਕਮੇਟੀ ਨੇ ਲਾਵਾਰਿਸ ਛੱਡੀਆਂ ਮੰਡੀਆਂ -ਪਹਿਲੇ ਦਿਨ ਨਹੀਂ ਆਈ ਪੁੱਜੀ ਕਣਕ, ਕੂੜੇ ਨਾਲ ਭਰੀਆਂ ਦਿਸੀਆਂ ਮੰਡੀਆਂ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਸਰਕਾਰ ਵੱਲੋਂ ਚਾਹੇ ਸੂਬੇ ਦੀਆਂ ਮੰਡੀਆਂ ਵਿਚ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਜਗਰਾਓਂ ਦੀਆਂ ਮੰਡੀਆਂ ਵਿਚ ਨਾ ਹੀ ਕਣਕ ਪਹੁੰਚੀ ਤੇ ਨਾ ਹੀ ਕਿਧਰੇ ਖ਼ਰੀਦ ਪ੍ਰਬੰਧ ਨਜ਼ਰ ਆਏ। ਮੰਡੀਆਂ ਵਿਚ ਨਜ਼ਰ ਆਏ ਤਾਂ ਸਿਰਫ ਗੰਦਗੀ ਦੇ ਢੇਰ, ਪੱਥੀਆਂ ਪਾਥੀਆਂ, ਸੁੱਟੀ ਤੂੜੀ, ਉੱਗੀ ਘਾਹ ਅਤੇ ਸਫ਼ਾਈ ਵਿਵਸਥਾ ਦੇ ਮਾੜੇ ਹਾਲਾਤ, ਜਿਸ ਤੋਂ ਸਾਫ਼ ਜਾਪਦਾ ਸੀ ਕਿ ਜਗਰਾਓਂ ਮਾਰਕੀਟ ਕਮੇਟੀ ਨੇ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਸਮੇਤ ਇਸ ਨਾਲ ਜੁੜੀਆਂ 15 ਉਪ ਮੰਡੀਆਂ ’ਚ ਖ਼ਰੀਦ ਪ੍ਰਬੰਧ ਰੱਬ ਆਸਰੇ ਛੱਡੇ ਹੋਏ ਸਨ। ਇਨ੍ਹਾਂ ਸਾਰੀਆਂ ਮੰਡੀਆਂ ਦੀ ਬਦਤਰ ਹਾਲਤ ਮਾਰਕੀਟ ਕਮੇਟੀ ਦੇ ਨਾਲ ਨਾਲ ਜ਼ਿਲ੍ਹਾ ਅਤੇ ਜਗਰਾਓਂ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦਾ ਹੈ ਕਿ ਸਫ਼ਾਈ ਦੇ ਨਾਮ ’ਤੇ ਲੱਖਾਂ ਰੁਪਏ ਦਾ ਦਿੱਤਾ ਜਾਂਦਾ ਠੇਕਾ ਕੀ ਕਾਗਜ਼ਾਂ ਵਿਚ ਖਪਾ ਦਿੱਤਾ ਜਾਂਦਾ ਹੈ। ਜੇ ਇਹ ਨਹੀਂ ਤਾਂ ਜਗਰਾਓਂ ਅਤੇ ਲੁਧਿਆਣਾ ਵਿਖੇ ਡੀਸੀ ’ਤੇ ਐਸਡੀਐਮ ਵੱਲੋਂ ਮਾਰਕੀਟ ਕਮੇਟੀਆਂ ਦੇ ਅਫਸਰਾਂ ਨਾਲ ਕੀਤੀਆਂ ਮੀਟਿੰਗਾਂ ਵਿਚ ਖ਼ਰੀਦ ਪ੍ਰਬੰਧਾਂ ਦੇ ਲਿਖਤੀ ਅਤੇ ਮੂੰਹ ਜ਼ੁਬਾਨੀ ਕੀਤੇ ਗਏ ਵੱਡੇ ਵੱਡੇ ਦਾਅਵੇ ਹਕੀਕਤ ਵਿਚ ਜੇ ਨਜ਼ਰ ਨਹੀਂ ਆ ਰਹੇ ਤਾਂ ਕਿਸੇ ਨੇ ਚੈੱਕ ਵੀ ਕਿਉਂ ਨਾ ਕੀਤੇ। ਬੁੱਧਵਾਰ ਨੂੰ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਅਤੇ ਇਸ ਨਾਲ ਜੁੜੀਆਂ ਉਪ ਮੰਡੀਆਂ ਕਾਉਂਕੇ ਕਲਾਂ, ਮੱਲ੍ਹਾ, ਰਸੂਲਪੁਰ, ਰੂਮੀ, ਅਖਾੜਾ, ਸਿੱਧਵਾਂ ਕਲਾਂ, ਡੱਲਾ ਅਤੇ ਕਮਾਲਪੁਰਾ ਦਾ ਦੌਰਾ ਕੀਤਾ ਗਿਆ ਤਾਂ ਇਨ੍ਹਾਂ ਮੰਡੀਆਂ ਵਿਚ ਖ਼ਰੀਦ ਪ੍ਰਬੰਧ ਕਿਤੇ ਨਜ਼ਰ ਨਹੀਂ ਆਏ। ਜਗਰਾਓਂ ਮੰਡੀ ਵਿਚ ਸਫ਼ਾਈ ਸ਼ੁਰੂ ਤੱਕ ਨਹੀਂ ਹੋਈ। ਅਵਾਰਾ ਪਸ਼ੂਆਂ ਦੇ ਝੁੰਡ, ਮਜ਼ਦੂਰਾਂ ਵੱਲੋਂ ਬਣਾਏ ਗਏ ਪੱਕੇ ਰੈਣਬਸੇਰੇ, ਚਾਰ ਚੁਫੇਰੇ ਗੰਦਗੀ ਦੇ ਢੇਰ, ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਸ਼ੈੱਡਾਂ ਹੇਠਾਂ ਉੱਗੀ ਘਾਹ ਸਾਰੇ ਖ਼ਰੀਦ ਪ੍ਰਬੰਧਾਂ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਹੇ ਸਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਸਭ ਨਾਲੋਂ ਵੱਡੇ ਪਿੰਡ ਕਾਉਂਕੇ ਕਲਾਂ ਦੀ ਮੰਡੀ ਦੇ ਫੜ੍ਹਾਂ ਵਿਚ ਘਾਹ ਉੱਗੀ ਹੋਈ ਹੈ। ਲੋਕਾਂ ਵੱਲੋਂ ਮੰਡੀ ਦੇ ਫੜ੍ਹ ਆਪਣੀ ਫਸਲ ਅਤੇ ਝਾੜ ਫੂਸ ਸੁੱਟਣ ਦੇ ਨਾਲ ਨਾਲ ਗੰਦਗੀ ਦੇ ਡੰਪ ਵਜੋਂ ਵਰਤੀ ਜਾ ਰਹੀ ਹੈ। ਇਸੇ ਤਰ੍ਹਾਂ ਰਸੂਲਪੁਰ ਮੰਡੀ ਵਿਚ ਲੋਕਾਂ ਵੱਲੋਂ ਪਾਥੀਆਂ ਪੱਥੀਆਂ ਹੋਈਆਂ ਸਨ। ਇਸ ਮੰਡੀ ਵਿਚ ਸਫ਼ਾਈ ਪ੍ਰਬੰਧ ਕਿਤੇ ਨਜ਼ਰ ਨਾ ਆਏ। ਪਿੰਡ ਮੱਲ੍ਹਾ ਦੀ ਮੰਡੀ ਵਿਚ ਕਣਕ ਸੁੱਟਣ ਲਈ ਕਿਤੇ ਫੜ੍ਹ ਵਿਚ ਸਾਫ਼ ਸਫ਼ਾਈ ਨਜ਼ਰ ਨਾ ਆਈ, ਫੜ੍ਹਾਂ ਵਿਚ ਉੱਗੀ ਬੂਟੀ, ਘਾਹ, ਮਾਰਕੀਟ ਕਮੇਟੀ ਦੇ ਅਫਸਰਾਂ ਦੇ ਦਾਅਵਿਆਂ ਨੂੰ ਮੂੰਹ ਚਿੜ੍ਹਾ ਰਹੇ ਸਨ। ਅਜਿਹੇ ਵਿਚ ਇਨ੍ਹਾਂ ਮੰਡੀਆਂ ’ਚ ਪਾਣੀ, ਸਟਰੀਟ ਲਾਈਟਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਚਾਹੇ ਅੱਜ ਮੰਡੀਆਂ ਵਿਚ ਕਣਕ ਨਾ ਪੁੱਜੀ ਪਰ ਆਉਣ ਵਾਲੇ ਕੁਝ ਦਿਨਾਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ। ਅਜਿਹੇ ਵਿਚ ਮੰਡੀਆਂ ਦੀ ਬਦਤਰ ਹਾਲਤ ਕਣਕ ਦੇ ਸੀਜ਼ਨ ’ਚ ਅੜਿੱਕਾ ਬਣੇਗੀ। ---------- -ਕਣਕ ਦੀ ਆਮਦ ਤੋਂ ਪਹਿਲਾਂ ਮੁਕੰਮਲ ਹੋ ਜਾਣਗੇ ਖ਼ਰੀਦ ਪ੍ਰਬੰਧ : ਸਕੱਤਰ ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੇ ਨਾਲ ਨਾਲ ਸਫ਼ਾਈ ਦਾ ਠੇਕਾ ਦੇ ਦਿੱਤਾ ਗਿਆ ਹੈ। ਇਸ ਵਾਰ ਸਫ਼ਾਈ ਦਾ ਠੇਕਾ ਮਾਰਚ ਮਹੀਨੇ ਦੇ ਅੰਤ ਵਿਚ ਹੋਇਆ ਹੈ। ਜਿਸ ਕਾਰਨ ਸਫ਼ਾਈ ਪ੍ਰਬੰਧਾਂ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਜਗਰਾਓਂ ਸਮੇਤ ਉਪ ਮੰਡੀਆਂ ਵਿਚ ਕਣਕ ਦੀ ਆਮਦ ਨੂੰ ਵੀ ਕੁਝ ਦਿਨ ਹੋਰ ਲੱਗਣਗੇ, ਉਸ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।