79 ਕਿੱਲੋ ਦੁੱਧ ਦੇ ਕੇ ਪ੍ਰਿਤਪਾਲ ਸਿੰਘ ਦੀ ਗਊ ਬਣੀ ਚੈਂਪੀਅਨ
ਪੀਡੀਐੱਫਏ ਐਕਸਪੋ ’ਚ 79 ਕਿਲੋ ਦੁੱਧ ਦੇ ਕੇ ਪ੍ਰਿਤਪਾਲ ਸਿੰਘ ਦੀ ਗਾਂ ਬਣੀ ਚੈਂਪੀਅਨ
Publish Date: Mon, 09 Feb 2026 06:29 PM (IST)
Updated Date: Tue, 10 Feb 2026 04:06 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸਥਾਨਕ ਪਸ਼ੂ ਮੰਡੀ ਵਿਖੇ ਅੰਤਰਰਾਸ਼ਟਰੀ 19ਵੇਂ ਪੀਡੀਐੱਫਏ ਡੇਅਰੀ ਤੇ ਖੇਤੀ ਐਕਸਪੋ 2026 ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਐੱਸਬੀਐੱਸ ਨਗਰ ਦੇ ਪ੍ਰਿਤਪਾਲ ਸਿੰਘ ਦੀ ਗਾਂ ਨੇ 79.126 ਕਿਲੋਗ੍ਰਾਮ ਦੁੱਧ ਦਿੰਦਿਆਂ ਕੌਮੀ ਚੈਂਪੀਅਨ ਬਣੀ। ਇਹੀ ਨਹੀਂ ਪ੍ਰਿਤਪਾਲ ਦੀ ਦੂਸਰੀ ਗਊ ਨੇ ਵੀ ਇਸ ਮੁਕਾਬਲੇ ਵਿਚ 76.125 ਕਿਲੋਗ੍ਰਾਮ ਦੁੱਧ ਦਿੰਦਿਆਂ ਦੂਜਾ ਸਥਾਨ ਵੀ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸੰਧੂ ਰੈਲੀ ਫਾਰਮ ਪਿੰਡ ਕੁਲਾਰ ਦੀ ਗਊ ਨੇ 74.467 ਕਿੱਲੋ ਦੁੱਧ ਦਿੰਦਿਆਂ ਤੀਜੇ ਸਥਾਨ ’ਤੇ ਮੱਲ ਮਾਰੀ। ਜੇਤੂ ਗਾਂ ਦੇ ਮਾਲਕ ਨੂੰ ਪੀਡੀਐੱਫਏ ਵੱਲੋਂ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਐੱਮਡੀ ਰਾਹੁਲ ਗੁਪਤਾ ਅਤੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਟਰੈਕਟਰ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਐਕਸਪੋ ਵਿਚ ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜ ਬੁਲੇਟ ਮੋਟਰਸਾਈਕਲਾਂ ਨਾਲ ਨਿਵਾਜ਼ਿਆ ਗਿਆ। ਇਸ ਕੌਮਾਂਤਰੀ ਐਕਸਪੋ ’ਚ ਬਰੀਡ ਮੁਕਾਬਲਿਆਂ ਦੀ ਜੱਜਮੈਂਟ ਲਈ ਹਾਲੈਂਡ ਅਤੇ ਕੈਨੇਡਾ ਤੋਂ ਚਾਰ ਮੈਂਬਰੀ ਗੋਰਿਆਂ ਦੀ ਟੀਮ ਪਹੁੰਚੀ ਹੋਈ ਸੀ। ਜਗਰਾਓਂ ਦੀ ਧਰਤੀ ’ਤੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਕੌਮਾਂਤਰੀ ਪੀਡੀਐੱਫਏੇ ਡੇਅਰੀ ਐਕਸਪੋ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ। ਅੱਜ ਤੀਜੇ ਦਿਨ ਵੀ ਦੇਸ਼ ਭਰ ਤੋਂ ਐਕਸਪੋ ਦੇਖਣ ਜਿੱਥੇ ਹਜੂਮ ਉਮੜਿਆ, ਉਥੇ ਵਿਦੇਸ਼ਾਂ ਤੋਂ ਆਏ ਗੋਰਿਆਂ ਦੇ ਝੁੰਡ ਵੀ ਖਿੱਚ ਦਾ ਕੇਂਦਰ ਰਹੇ। ਇਹੀ ਨਹੀਂ ਰੂਸਬਿਲਾ ਦੇਸ਼ ਤੋਂ ਆਏ ਗੋਰਿਆਂ ਦੇ 11 ਮੈਂਬਰੀ ਵਫ਼ਦ ਨੇ ਪੰਜਾਬ ਵਿਚ ਅਤੀ ਆਧੁਨਿਕ ਡੇਅਰੀ ਕਿੱਤੇ ਵਿਚ ਬਣੀ ਮਸ਼ੀਨਰੀ ਖ਼ਰੀਦਣ ਵਿਚ ਖਾਸੀ ਦਿਲਚਸਪੀ ਦਿਖਾਈ। ਅੱਜ ਦੁੱਧ ਚੁਆਈ ਅਤੇ ਬਰੀਡ ਮੁਕਾਬਲਿਆਂ ’ਚ ਲੱਖਾਂ ਰੁਪਏ ਦੇ ਇਨਾਮਾਂ ਦਾ ਮੀਂਹ ਵਰ੍ਹਿਆ। ਅੱਜ ਦੇ ਐਕਸਪੋ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੀਡੀਐੱਫਏ ਨੇ ਡੇਅਰੀ ਕਿੱਤੇ ਵਿਚ 18 ਸਾਲ ਦੀ ਮਿਹਨਤ ਨਾਲ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਉਸਦੀ ਦੇਸ਼ ਹੀ ਨਹੀਂ, ਦੁਨੀਆ ਵਿਚ ਚਰਚੇ ਹਨ। ਬਰੀਡ ਸੁਧਾਰ ਵਿਚ ਜਿਸ ਤਰ੍ਹਾਂ ਪੀਡੀਐੱਫਏ ਨੇ ਕਈ ਦੇਸ਼ਾਂ ਨੂੰ ਪਛਾੜਿਆ ਹੈ, ਉਹ ਬਾਕਮਾਲ ਹੈ। ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਤਿੰਨ ਰੋਜਾ ਐਕਸਪੋ ਵਿਚ ਦੇਸ਼ ਦੁਨੀਆ ਦੀ ਸ਼ਿਰਕਤ ਨੇ ਇਸਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਇਸ ਮੌਕੇ ਜਨਰਲ ਸਕੱਤਰ ਬਲਵੀਰ ਸਿੰਘ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ ਜੀਰਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੋਲੀ ਆਦਿ ਹਾਜ਼ਰ ਸਨ।