ਪ੍ਰਿੰਸੀਪਲ ਵੰਦਨਾ ਕਪੂਰ ਸੇਵਾਮੁਕਤੀ ’ਤੇ ਸਟਾਫ ਵੱਲੋਂ ਸਨਮਾਨਿਤ
ਪ੍ਰਿੰਸੀਪਲ ਵੰਦਨਾ ਕਪੂਰ ਹੋਏ ਸੇਵਾ ਮੁਕਤ , ਸਟਾਫ ਵੱਲੋਂ ਕੀਤਾ ਗਿਆ ਸਨਮਾਨਿਤ
Publish Date: Mon, 01 Jun 2026 06:36 PM (IST)
Updated Date: Tue, 02 Jun 2026 04:06 AM (IST)

ਅਧਿਆਪਕ ਵਿਦਿਆਰਥੀਆਂ ਨੂੰ ਦਿਖਾਉਂਦੇ ਮੰਜ਼ਿਲ ਦੀਆਂ ਰਾਹਾਂ : ਪ੍ਰਿੰਸੀਪਲ ਕਪੂਰ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਪ੍ਰਿੰਸੀਪਲ ਕਮ ਬਲਾਕ ਨੋਡਲ ਅਫ਼ਸਰ, ਮਾਛੀਵਾੜਾ ਸਾਹਿਬ ਮੈਡਮ ਵੰਦਨਾ ਕਪੂਰ ਆਪਣੀ ਜ਼ਿੰਦਗੀ ਦੇ ਕੀਮਤੀ ਵਰ੍ਹੇ ਅਧਿਆਪਨ ਕਿੱਤੇ ਨੂੰ ਦੇਣ ਉਪਰੰਤ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਹੰਬੋਵਾਲ ਬੇਟ ਤੋਂ ਅੱਜ ਸੇਵਾ ਮੁਕਤ ਹੋ ਗਏ ਹਨ। ਅਧਿਆਪਨ ਕਿੱਤੇ ਚੋਂ ਬੇਦਾਗ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ਤੇ ਮਾਣ-ਹਿੱਤ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਸਮੂਹ ਸਟਾਫ ਮੈਂਬਰਾਂ ਵਿਦਿਆਰਥੀ ਅਤੇ ਹੰਬੋਵਾਲ ਬੇਟ ਦੀ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਵੰਦਨਾ ਕਪੂਰ ਅਧਿਆਪਕ ਵਰਗ ਵਿੱਚ ਲਿਆ ਜਾਣ ਵਾਲਾ ਇੱਕ ਵੱਡਾ ਤੇ ਸਤਿਕਾਰਤ ਨਾਮ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਮਨੁੱਖੀ ਜੀਵਨ ਵਿੱਚ ਸਿੱਖਿਆ ਦਾ ਅਹਿਮ ਸਥਾਨ ਹੈ। ਵਰਤਮਾਨ ਯੁੱਗ ਵਿੱਚ ਅਧਿਆਪਕ ਦੀ ਸਿੱਖਿਆ ਬਹੁਪੱਖੀ ਹੈ ਕਿਉਂਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕੇਵਲ ਸਿੱਖਿਆ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਪ੍ਰਿੰਸੀਪਲ ਵੰਦਨਾ ਵਿੱਚ ਇੱਕ ਆਦਰਸ਼ ਅਧਿਆਪਕ ਵਾਲੇ ਸਾਰੇ ਗੁਣ ਹਨ। ਅਜਿਹੇ ਗੁਣਾ ਸਦਕਾ ਇਹ ਆਪਣੇ ਮਾਪਿਆਂ ਦਾ , ਪਿੰਡ, ਇਲਾਕੇ ਅਤੇ ਸੰਸਥਾ ਦਾ ਮਾਣ ਵੀ ਬਣੇ ਰਹੇ। ਜਿਹਨਾਂ ਦੀ ਲਿਆਕਤ ਦੀ ਮਹਿਕ ਸਿਰਫ਼ ਇਸ ਸਕੂਲ ਨੂੰ ਹੀ ਨਹੀਂ ਸਗੋਂ ਸਗੋਂ ਪੂਰੇ ਇਲਾਕੇ ਨੂੰ ਮਹਿਕਾਉਂਦੀ ਰਹੀ ਹੈ। ਜਿਸ ਸਹਿਜਤਾ ਅਤੇ ਦੂਰ ਦ੍ਰਿਸ਼ਟੀ ਨਾਲ ਉਹਨਾਂ ਨੇ ਲੰਮਾ ਸਮਾਂ ਇਸ ਸਕੂਲ ਦੀ ਅਗਵਾਈ ਕੀਤੀ ਹੈ ਅਤੇ ਇਸ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ, ਉਸ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀ। ਉਨ੍ਹਾਂ ਸਖ਼ਤ ਮਿਹਨਤ ,ਬੁਲੰਦ ਹੌਸਲੇ ਅਤੇ ਨੇਕਦਿਲੀ ਨਾਲ ਇਲਾਕੇ ਅਤੇ ਸਿੱਖਿਆ ਵਿਭਾਗ ’ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਆਦਰਸ਼ ਅਧਿਆਪਕ ਦੀ ਅਸਲ ਕਮਾਈ ਉਸਦਾ ਮਾਣ-ਸਤਿਕਾਰ ਹੁੰਦਾ ਹੈ, ਜੋ ਕਈ ਵਰ੍ਹਿਆਂ ਤੱਕ ਮਹਿਕਦਿਆਂ ਤੇ ਬੱਚਿਆ ਦੇ ਦਿਲਾਂ ਦੇ ਵਿੱਚ ਰਹਿੰਦਾ ਹੈ। ਮੈਡਮ ਵੰਦਨਾ ਕਪੂਰ ਦਾ ਜਨਮ 23 ਮਈ 1964 ਨੂੰ ਚੰਡੀਗੜ੍ਹ ਵਿਖੇ ਪਿਤਾ ਜੇ.ਪੀ. ਅਤੇ ਮਾਤਾ ਮਨੋਰਮਾ ਦੇਵੀ ਦੀ ਕੁੱਖੋਂ ਹੋਇਆ,ਚਾਰ ਭੈਣਾ ਅਤੇ ਇੱਕ ਭਰਾ ਵੀ ਉੱਚ ਸਿੱਖਿਆ ਪ੍ਰਾਪਤ ਕਰ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਤੇ ਰਹੇ। ਉਨ੍ਹਾਂ ਬੀਐੱਡ ਦੀ ਸਿੱਖਿਆ ਸਟੇਟ ਕਾਲਜ ਪਟਿਆਲਾ ਤੋਂ ਹਾਸਿਲ ਕੀਤੀ। ਵੱਖ-ਵੱਖ ਸਕੂਲਾਂ ਵਿੱਚ ਸਿੱਖਿਆ ਦੇਣ ਉਪਰੰਤ ਉਨਾਂ ਆਪਣੇ ਅਧਿਆਪਨ ਕਿਤੇ ਦੇ ਆਖਰੀ 8 ਸਾਲ 03 ਮਹੀਨੇ 3 ਦਿਨ ਦੀ ਸੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬਵਾਲ ਬੇਟ ਵਿਖੇ ਨਿਭਾਈ ਜਿੱਥੋਂ ਉਹ ਅੱਜ ਸੇਵਾ ਮੁਕਤ ਹੋਵੇ।ਇਸ ਦੌਰਾਨ ਉਨ੍ਹਾਂ ਆਪਣੀ ਉਸਾਰੂ ਸੋਚ ਸਦਕਾ ਇਲਾਕੇ ਦੀਆਂ ਸਤਿਕਾਰਤ ਸ਼ਖ਼ਸੀਅਤਾਂ ਦੇ ਵਡਮੁੱਲੇ ਸਹਿਯੋਗ ਨਾਲ ਸਕੂਲ ਨੂੰ ਉੱਚ ਮੁਕਾਮ ਤੱਕ ਪਹੁੰਚਾਇਆ ਅਤੇ ਇਸ ਦੀਆਂ ਪ੍ਰਾਪਤੀਆਂ ਦੇ ਮਾਣ ਵਿੱਚ ਵਾਧਾ ਕੀਤਾ। ਉਹਨਾਂ ਦੀ ਵਿਦਾਇਗੀ ਸਮਾਗਮ ਵਿੱਚ ਇਲਾਕੇ ਭਰ ਦੀਆਂ ਵਿਦਿਅਕ ਸੰਸਥਾਵਾਂ , ਧਾਰਮਿਕ ,ਰਾਜਨੀਤਿਕ ਅਤੇ ਸਮਾਜਿਕ ,ਸਮਾਜ ਸੇਵੀ ਸੰਸਥਾਵਾਂ ਵੱਲੋਂ ਉਹਨਾਂ ਨੂੰ ਜੀਵਨ ਦੇ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।