150 ਸਾਲ ਪੁਰਾਣਾ ਦਰਖੱਤ ਵੱਢ ਕੇ ਕਹਿੰਦਾ ਪ੍ਰਿੰਸੀਪਲ ‘ਗਲਤੀ ਹੋ ਗਈ’
150 ਸਾਲ ਪੁਰਾਣਾ ਦਰਖੱਤ ਵੱਢ ਕੇ ਕਹਿੰਦਾ ਪ੍ਰਿੰਸੀਪਲ ‘ਗਲਤੀ ਹੋ ਗਈ’
Publish Date: Sat, 28 Feb 2026 06:58 PM (IST)
Updated Date: Sun, 01 Mar 2026 04:11 AM (IST)

-ਰੌਲਾ ਪੈਣ ’ਤੇ 31 ਦਰਖੱਤ ਲਗਾ ਕੇ ਪਾਲਣ ਦਾ ਲਿਆ ਅਹਿਦ -ਡੇਢ ਸਦੀ ਕੇ ਗਵਾਹ ਦਰੱਖਤ ਦੇ ਵੱਢਣ ’ਤੇ ਵਾਤਾਵਰਨ ਪ੍ਰੇਮੀ ਭੜਕੇ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ : ਜਗਰਾਓਂ ਨੇੜਲੇ ਪਿੰਡ ਸੋਹੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਵਿਚ ਲੱਗਾ 150 ਸਾਲ ਪੁਰਾਣਾ ਦਰਖੱਤ ਹੀ ਵੱਢ ਦਿੱਤਾ। ਇਹੀ ਨਹੀਂ ਦਰਖੱਤ ਵੱਢ ਕੇ ਇਸ ਦੀ ਲੱਕੜ ਸਮੇਤ ਸਕੂਲ ਦੀ ਇਮਾਰਤ ਦੇ ਨਵ ਨਿਰਮਾਣ ਦੌਰਾਨ ਪੁਰਾਣਾ ਸਮਾਨ ਵੇਚਣ ਦਾ ਮਾਮਲਾ ਵੀ ਚਰਚਾ ਵਿਚ ਹੈ। ਡੇਢ ਸਦੀ ਦੇ ਗਵਾਹ ਇਸ ਪੁਰਾਤਣ ਦਰਖੱਤ ਨੂੰ ਵੱਢਣ ’ਤੇ ਵਾਤਾਵਰਨ ਪ੍ਰੇਮੀ ਭੜਕੇ ਅਤੇ ਉਨ੍ਹਾਂ ਸਕੂਲ ਵਿਚ ਰਾਮ ਰੌਲਾ ਪਾਇਆ ਤਾਂ ਪ੍ਰਿੰਸੀਪਲ ਨੇ ਗਲਤੀ ਮੰਨਦਿਆਂ 31 ਦਰਖੱਤ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਅਹਿਦ ਲਿਆ। ਹਾਲਾਂਕਿ ਇਸ ਮੁੱਦੇ ਨੂੰ ਚੁੱਕਣ ਵਾਲਿਆਂ ਨੇ ਪ੍ਰਿੰਸੀਪਲ ਦੇ ਇਸ ਵਾਅਦੇ ’ਤੇ ਉਨ੍ਹਾਂ ਨੂੰ ਮਾਫ਼ੀ ਦੇ ਦਿੱਤੀ ਹੈ ਪਰ ਪਿੰਡ ਵਾਸੀ ਡੇਢ ਸਦੀ ਪੁਰਾਣੇ ਇਸ ਦਰਖੱਤ ਨੂੰ ਕੱਟਣ ’ਤੇ ਬੇਹੱਦ ਖਫ਼ਾ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਵਿਖੇ 150 ਸਾਲ ਤੋਂ ਵੀ ਵੱਧ ਪੁਰਾਣਾ ਦਰਖੱਤ ਲੱਗਾ ਹੋਇਆ ਸੀ। ਸਕੂਲ ਦੀ ਇਮਾਰਤ ਦੇ ਨਵ ਨਿਰਮਾਣ ਦੀ ਆੜ ਵਿਚ ਪ੍ਰਿੰਸੀਪਲ ਵੱਲੋਂ ਬੇਦਰਦ ਬਣ ਕੇ ਇਸ ਦਰਖੱਤ ਨੂੰ ਵੱਢ ਦਿੱਤਾ ਗਿਆ। ਜਿਸ ਦਾ ਪਤਾ ਲੱਗਦੇ ਹੀ ਪੂਰੇ ਪਿੰਡ ਵਿਚ ਰੋਸ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ, ਪੰਚਾਇਤ ਸਮੇਤ ਪਿੰਡ ਦੇ ਲੋਕ ਇਸ ਖ਼ਿਲਾਫ਼ ਇਕਜੁਟ ਹੋਣ ਲੱਗੇ। ਇਸੇ ਦੌਰਾਨ ਜਗਰਾਓਂ ਤੋਂ ਗਰੀਨ ਮਿਸ਼ਨ ਪੰਜਾਬ ਟੀਮ ਦੇ ਸਤਪਾਲ ਦੇਹੜਕਾ, ਸਮਾਜ ਸੇਵੀ ਸੁੱਖ ਜਗਰਾਓਂ ਵੀ ਪੁੱਜੇ। ਉਨ੍ਹਾਂ ਸਕੂਲ ਵਿਚ ਦਰਖੱਤ ਨੂੰ ਵੱਢਣ ’ਤੇ ਪ੍ਰਿੰਸੀਪਲ ’ਤੇ ਕਤਲ ਕਰਨ ਦੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕੀਤੇ ਗਏ ਪਰ ਕਿਸੇ ਨੇ ਫੋਨ ਨਾ ਚੁੱਕਿਆ। ਇਸੇ ਦੌਰਾਨ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਅਤੇ ਪਿੰਡ ਵਾਸੀ ਵੀ ਦਰਖੱਤ ਵੱਢਣ ਤੋਂ ਖਫ਼ਾ ਹੋ ਕੇ ਸਕੂਲ ਪੁੱਜੇ। ਸਾਰਿਆਂ ਨੇ ਇਸ ’ਤੇ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਨੂੰ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ। ਆਪਣੇ ਖ਼ਿਲਾਫ਼ ਦਰਖੱਤ ਵੱਢਣ ’ਤੇ ਹੋ ਰਹੀ ਲਾਮਬੰਦੀ ’ਤੇ ਮੌਕਾ ਸੰਭਾਲਣ ਲਈ ਪ੍ਰਿੰਸੀਪਲ ਬਾਬੂ ਲਾਲ ਖੁਦ ਹੀ ਆਪਣੇ ਕੁਝ ਹਮਾਇਤੀਆਂ ਨਾਲ ਸਕੂਲ ਪੁੱਜੇ। ਉਨ੍ਹਾਂ ਗੁੱਸੇ ਵਿਚ ਆਏ ਆਗੂਆਂ ਨੂੰ ਸ਼ਾਂਤ ਕੀਤਾ ਅਤੇ ਦਰਖੱਤ ਵੱਢਣ ’ਤੇ ਗਲਤੀ ਮੰਨੀ। ਇਸ ਦੇ ਨਾਲ ਹੀ ਪ੍ਰਿੰਸੀਪਲ ਵੱਲੋਂ 31 ਰੁੱਖ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਅਹਿਦ ਲਿਆ ਤਾਂ ਆਗੂਆਂ ਨੇ ਕਾਰਵਾਈ ਕਰਨ ਦਾ ਫੈਸਲਾ ਵਾਪਸ ਲਿਆ ਪਰ ਇਸ ਦੇ ਬਾਵਜੂਦ ਪਿੰਡ ਦੇ ਲੋਕ ਪ੍ਰਿੰਸੀਪਲ ਖ਼ਿਲਾਫ਼ ਅਜੇ ਵੀ ਖਫਾ ਹਨ ਅਤੇ ਉਹ ਕਾਰਵਾਈ ਦੀ ਮੰਗ ਕਰ ਰਹੇ ਹਨ। ਦਰੱਖਤ ਦੀ ਲੱਕੜ ਤਕ ਗਾਇਬ ਕਰ ਦਿੱਤੀ ਗਈ : ਸਰਪੰਚ ਪਿੰਡ ਸੋਹੀਆਂ ਦੇ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਸਕੂਲ ਵਿਚ ਆਪਣੀ ਮਨਮਾਨੀਆਂ ਕਰ ਰਹੇ ਹਨ। ਇਸ 150 ਸਾਲ ਪੁਰਾਣੇ ਦਰਖੱਤ ਨੂੰ ਵੱਢ ਕੇ ਇਸ ਦੀ ਲੱਕੜ ਤਕ ਗਾਇਬ ਕਰ ਦਿੱਤੀ ਗਈ ਹੈ। ਇਹੀ ਨਹੀਂ ਸਕੂਲ ਦੇ ਨਵ ਨਿਰਮਾਣ ਦੌਰਾਨ ਪੁਰਾਣਾ ਮਟੀਰੀਅਲ ਵੀ ਕਿੱਥੇ ਖਪਾਇਆ ਗਿਆ ਦਾ ਕੁਝ ਪਤਾ ਨਹੀਂ। ਲਾਲਚ ਵਿਚ ਅਜਿਹਾ ਕਰ ਕੇ 150 ਸਾਲ ਪੁਰਾਣੇ ਰੁੱਖ ਨੂੰ ਵੱਢ ਕੇ ਬਹੁਤ ਵੱਡਾ ਪਾਪ ਕੀਤਾ ਗਿਆ ਹੈ। ਜਿਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ।