ਅਦਾਲਤੀ ਹੁਕਮਾਂ ਦੀ ਉਲੰਘਣਾ ਤਿਆਰੀ, 1 ਮਾਰਚ ਤੋਂ ਬਾਜ਼ਾਰਾਂ ’ਚ ਹੋਣਗੇ ਨਾਜਾਇਜ਼ ਕਬਜ਼ੇ
ਅਦਾਲਤੀ ਹੁਕਮਾਂ ਦੀ ਉਲੰਘਣਾ ਤਿਆਰੀ, 1 ਮਾਰਚ ਤੋਂ ਬਾਜ਼ਾਰਾਂ ’ਚ ਹੋਣਗੇ ਨਜਾਇਜ ਕਬਜ਼ੇ
Publish Date: Sat, 28 Feb 2026 07:31 PM (IST)
Updated Date: Sun, 01 Mar 2026 04:11 AM (IST)

ਪ੍ਰਸ਼ਾਸਨ ਦੀ ਨੱਕ ਹੇਠਾਂ ਲੱਗਦੀਆਂ ਗੈਰ ਕਾਨੂੰਨੀ ਸੇਲਾਂ, ਲੋਕਾਂ ਦੀ ਜਾਨ ਖਤਰੇ ’ਚ, ਪ੍ਰਸ਼ਾਸਨ ਦੀ ਚੁੱਪੀ ਸਵਾਲਾਂ ਦੇ ਘੇਰੇ ਚ ਵੱਡੇ ਹਾਦਸੇ ਦਾ ਖ਼ਤਰਾ, ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦਾ ਰਾਹ ਵੀ ਰਹੇਗਾ ਬੰਦ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪ੍ਰਸ਼ਾਸਨ ਦੀ ਚੁੱਪ ਭਰੀ ਸਹਿਮਤੀ ਨਾਲ ਕੁਝ ਦੁਕਾਨਦਾਰਾਂ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣ ਕਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਹਨ। ਹੁਕਮ ਅਦੂਲੀ ਕਰ ਕੇ 1 ਮਾਰਚ ਤੋਂ ਬਾਜ਼ਾਰਾਂ ’ਚ ਨਜਾਇਜ ਕਬਜ਼ੇ ਹੋਣਗੇ ਪਰ ਕੋਈ ਕਾਰਵਾਈ ਨਹੀਂ ਹੋਵੇਗੀ। ਖੰਨਾ ਸ਼ਹਿਰ ਵਿੱਚ ਹਰ ਸਾਲ ਮਾਰਚ ਮਹੀਨੇ ਦੌਰਾਨ ਲੱਗਣ ਵਾਲੀਆਂ ਗੈਰ ਕਾਨੂੰਨੀ ਸੇਲਾਂ ਜਿੱਥੇ ਲੋਕਾਂ ਦੀ ਲੁੱਟ ਦਾ ਕਾਰਨ ਬਣਦੀਆਂ ਹਨ, ਉੱਥੇ ਹੀ ਆਮ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣ ਚੁੱਕੀਆਂ ਹਨ। 1 ਮਾਰਚ ਤੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਧੜੱਲੇ ਨਾਲ ਲੱਗਣ ਵਾਲੀਆਂ ਇਹ ਸੇਲਾਂ ਨਾ ਸਿਰਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਹਨ, ਸਗੋਂ ਪ੍ਰਸ਼ਾਸਨ ਦੀ ਖੁੱਲ੍ਹੀ ਮਿਲੀਭੁਗਤ ਅਤੇ ਲਾਪਰਵਾਹੀ ਨੂੰ ਵੀ ਬੇਨਕਾਬ ਕਰਦੀਆਂ ਹਨ। ਗੁਰੂ ਅਮਰਦਾਸ ਮਾਰਕੀਟ, ਮੇਨ ਬਾਜ਼ਾਰ, ਸੁਭਾਸ਼ ਬਾਜ਼ਾਰ, ਕਰਨੈਲ ਸਿੰਘ ਰੋਡ ਸਮੇਤ ਕਈ ਇਲਾਕਿਆਂ ਵਿੱਚ ਦੁਕਾਨਦਾਰ ਆਪਣੇ ਕਾਰੋਬਾਰ ਤੋਂ ਬਾਹਰ ਟੇਬਲ, ਰੈਕ ਅਤੇ ਹੋਰ ਢਾਂਚੇ ਲਗਾ ਕੇ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ। ਇਨ੍ਹਾਂ ਅਸਥਾਈ ਕਬਜ਼ਿਆਂ ਰਾਹੀਂ ਸੇਲਾਂ ਲਗਾਈਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਸਸਤੀ ਖਰੀਦਦਾਰੀ ਦਾ ਲਾਲਚ ਦੇ ਕੇ ਭਾਰੀ ਭੀੜ ਇਕੱਠੀ ਕੀਤੀ ਜਾਂਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਤੰਗ ਬਾਜ਼ਾਰਾਂ ’ਚ ਪੈਦਲ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਣਸੁਖਾਵੀਂ ਘਟਨਾ ਹੋਣ ’ਤੇ ਨਹੀਂ ਬਚਣ ਦਾ ਕੋਈ ਰਾਹ ਇਨ੍ਹਾਂ ਹਾਲਾਤਾਂ ’ਚ ਜੇਕਰ ਕੋਈ ਅੱਗ ਲੱਗਣ, ਕਰੰਟ ਲੱਗਣ ਜਾਂ ਭਗਦੜ ਵਰਗੀ ਘਟਨਾ ਵਾਪਰ ਜਾਵੇ ਤਾਂ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਬਾਜ਼ਾਰ ਪਹਿਲਾਂ ਹੀ ਇੰਨੇ ਤੰਗ ਹਨ ਕਿ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਦਾ ਦਾਖ਼ਲਾ ਵੀ ਔਖਾ ਹੁੰਦਾ ਹੈ। ਸੇਲਾਂ ਦੌਰਾਨ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਨਾ ਤਾਂ ਐਂਬੂਲੈਂਸ ਸਮੇਂ ਸਿਰ ਪਹੁੰਚ ਸਕਦੀ ਹੈ ਅਤੇ ਨਾ ਹੀ ਫਾਇਰ ਬ੍ਰਿਗੇਡ। ਸਾਫ਼ ਹੈ ਕਿ ਲੋਕਾਂ ਦੀ ਜਾਨ ਨੂੰ ਖੁੱਲ੍ਹਾ ਖ਼ਤਰਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪ੍ਰਸ਼ਾਸਨ ਨੂੰ ਇਹ ਸਭ ਕੁਝ ਪੂਰੀ ਤਰ੍ਹਾਂ ਪਤਾ ਹੈ, ਫਿਰ ਵੀ ਹਰ ਸਾਲ ਇਹ ਗੈਰ ਕਾਨੂੰਨੀ ਸੇਲਾਂ ਕਿਵੇਂ ਲੱਗ ਜਾਂਦੀਆਂ ਹਨ? ਕੀ ਇਹ ਸਿਰਫ਼ ਲਾਪਰਵਾਹੀ ਹੈ ਜਾਂ ਇਸ ਪਿੱਛੇ ਕੋਈ ਡੂੰਘੀ ਮਿਲੀਭੁਗਤ ਹੈ? ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਵੱਡੇ ਕਾਰੋਬਾਰੀ ਆਪਣੀ ਪਹੁੰਚ ਅਤੇ ਰਿਸ਼ਵਤ ਦੇ ਜ਼ੋਰ ’ਤੇ ਮਨਮਰਜ਼ੀ ਕਰਦੇ ਹਨ, ਜਦਕਿ ਛੋਟੇ ਦੁਕਾਨਦਾਰਾਂ ’ਤੇ ਕਾਨੂੰਨ ਦੀ ਛੜੀ ਤੁਰੰਤ ਚੱਲ ਪੈਂਦੀ ਹੈ। ਹਰ ਸਾਲ ਇਹ ਦ੍ਰਿਸ਼ ਦੁਹਰਾਇਆ ਜਾਂਦਾ ਹੈ। ਲੋਕ ਆਵਾਜ਼ ਉਠਾਉਂਦੇ ਹਨ ਪਰ ਕੁਝ ਦਿਨਾਂ ਬਾਅਦ ਸਭ ਕੁਝ ਪਹਿਲਾਂ ਵਾਂਗ ਹੀ ਚੱਲਣ ਲੱਗਦਾ ਹੈ। ਨਗਰ ਕੌਂਸਲ, ਪੁਲਿਸ ਅਤੇ ਪ੍ਰਸ਼ਾਸਨ ਇੱਕ ਦੂਜੇ ਵੱਲ ਉਂਗਲ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਿਕਲਦੇ ਹਨ। ਨਤੀਜੇ ਵਜੋਂ ਗੈਰ ਕਾਨੂੰਨੀ ਸੇਲਾਂ ਬੇਰੋਕ ਟੋਕ ਜਾਰੀ ਰਹਿੰਦੀਆਂ ਹਨ। ਪ੍ਰਸਾਸ਼ਨ ਅੱਖੀ ਦੇਖ ਕੇ ਵੀ ਚੁੱਪ ਸ਼ਹਿਰ ਦੇ ਸੈਂਕੜੇ ਦੁਕਾਨਦਾਰ ਬਾਜ਼ਾਰਾਂ ਵਿੱਚ ਨਜਾਇਜ ਕਬਜ਼ੇ ਕਰ ਕੇ ਆਪਣੇ ਸਮਾਨ ਦੀ ਪ੍ਰਦਰਸ਼ਨੀ ਲਗਾਉਂਦੇ ਹਨ। ਲੋਕਾਂ ਦੀ ਇੰਨੀ ਭੀੜ ਹੋ ਜਾਂਦੀ ਹੈ ਕਿ ਪੈਦਲ ਆਦਮੀ ਵੀ ਢੰਗ ਨਾਲ ਲੰਘ ਨਹੀਂ ਸਕਦੇ। ਇਸ ਭੀੜ ਵਿੱਚ ਬਜ਼ੁਰਗ, ਬੱਚੇ ਅਤੇ ਮਹਿਲਾਵਾਂ ਸਭ ਤੋਂ ਵੱਧ ਪਰੇਸ਼ਾਨ ਹੁੰਦੇ ਹਨ। ਕਈ ਵਾਰ ਛੋਟੇ-ਮੋਟੇ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਨੇ ਕਦੇ ਵੀ ਇਨ੍ਹਾਂ ਤੋਂ ਕੋਈ ਸਬਕ ਨਹੀਂ ਲਿਆ। ਚੋਰੀਆਂ ਆਮ ਜਿਹੀ ਗੱਲ ਹੋ ਜਾਂਦੀ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅਦਾਲਤ ਵੱਲੋਂ ਵੀ ਬਾਜ਼ਾਰਾਂ ਵਿੱਚ ਨਜਾਇਜ ਕਬਜ਼ਿਆਂ ਖ਼ਿਲਾਫ਼ ਸਪੱਸ਼ਟ ਹੁਕਮ ਹਨ ਪਰ ਫਿਰ ਵੀ ਖੰਨਾ ਵਿੱਚ ਇਹ ਸਭ ਕੁਝ ਬੇਧੜਕ ਚੱਲ ਰਿਹਾ ਹੈ। ਇਹ ਸਿੱਧੀ ਤਰ੍ਹਾਂ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ ਜੇਕਰ ਕਿਸੇ ਵੱਡੇ ਹਾਦਸੇ ਦੌਰਾਨ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਕੀ ਉਸ ਸਮੇਂ ਪ੍ਰਸ਼ਾਸਨ ਆਪਣੀ ਨਾਕਾਮੀ ਮੰਨ ਲਵੇਗਾ? ਲੋਕਾਂ ਦੀ ਸੁਰੱਖਿਆ ਗੰਭੀਰਤਾ ਨਾਲ ਲਵੇ ਪ੍ਰਸ਼ਾਸਨ ਸ਼ਹਿਰ ਦੇ ਜਾਗਰੂਕ ਨਾਗਰਿਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਇਹ ਗੈਰ ਕਾਨੂੰਨੀ ਸੇਲਾਂ ਰੁਕ ਸਕਦੀਆਂ ਹਨ। ਪਰ ਇਸ ਲਈ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਕਾਨੂੰਨ ਦੀ ਪਾਲਣਾ ਕਰਨੀ ਹੋਵੇਗੀ। ਸਿਰਫ਼ ਦੋ-ਚਾਰ ਦੁਕਾਨਾਂ ਤੋਂ ਸਾਮਾਨ ਜਬਤ ਕਰ ਕੇ ਫੋਟੋਆਂ ਖਿੱਚਵਾ ਲੈਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਲੋੜ ਹੈ ਲਗਾਤਾਰ ਅਤੇ ਨਿਰਪੱਖ ਕਾਰਵਾਈ ਦੀ ਜੇਕਰ ਪ੍ਰਸ਼ਾਸਨ ਵਾਕਈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਤਾਂ ਮਾਰਚ ਮਹੀਨੇ ਦੌਰਾਨ ਪੂਰੇ ਬਾਜ਼ਾਰਾਂ ’ਚ ਵਿਸ਼ੇਸ਼ ਨਿਗਰਾਨੀ ਟੀਮਾਂ ਤਾਇਨਾਤ ਕੀਤੀਆਂ ਜਾਣ। ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਭਾਰੀ ਜੁਰਮਾਨੇ ਲਗਾਏ ਜਾਣ ਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਦ ਹੀ ਇਸ ਖ਼ਤਰਨਾਕ ਰੁਝਾਨ ’ਤੇ ਰੋਕ ਲੱਗ ਸਕਦੀ ਹੈ। ਪ੍ਰਸ਼ਾਸਨ ਦੀ ਚੁੱਪ ਖੜ੍ਹੇ ਕਰਦੀ ਵੱਡੇ ਸਵਾਲ : ਬਾਂਸਲ ਲੋਕ ਸੇਵਾ ਕਲੱਬ ਖੰਨਾ ਦੇ ਪ੍ਰਧਾਨ ਪੀਡੀ ਬਾਂਸਲ ਨੇ ਕਿਹਾ ਕਿ ਪ੍ਰਸ਼ਾਸਨ ਸਭ ਕੁਝ ਜਾਣਨ ਦੇ ਬਾਵਜੂਦ ਚੁੱਪ ਬੈਠਾ ਰਹਿੰਦਾ ਹੈ। ਹਰ ਸਾਲ ਗੈਰ ਕਾਨੂੰਨੀ ਤਰੀਕੇ ਨਾਲ ਸੇਲਾਂ ਲੱਗਦੀਆਂ ਹਨ, ਨਜਾਇਜ ਕਬਜ਼ੇ ਹੁੰਦੇ ਹਨ, ਪਰ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ। ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ। ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਵੇ ਤਾਂ ਲੋਕਾਂ ਦੀ ਜਾਨ ਨਾਲ ਖਿਲਵਾੜ ਰੁਕ ਸਕਦਾ ਹੈ। ਪ੍ਰਸ਼ਾਸਨ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿ ਇਸਦੇ ਪਿੱਛੇ ਕਿਤੇ ਰਿਸ਼ਵਤਖੋਰੀ ਦਾ ਵੱਡਾ ਖੇਡ ਤਾਂ ਨਹੀਂ ਚੱਲ ਰਿਹਾ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਦੁਕਾਨ ਦੇ ਬਾਹਰ ਸਾਮਾਨ ਰੱਖਣ ਦੀ ਇਜਾਜ਼ਤ ਨਹੀਂ : ਈਓ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਦੁਕਾਨ ਦੇ ਬਾਹਰ ਸਾਮਾਨ ਰੱਖਣ ਦੀ ਇਜਾਜ਼ਤ ਨਹੀਂ ਹੈ। ਨਗਰ ਕੌਂਸਲ ਲਗਾਤਾਰ ਬਾਜ਼ਾਰਾਂ ਵਿੱਚੋਂ ਸਾਮਾਨ ਜਬਤ ਕਰ ਰਹੀ ਹੈ। ਜੇਕਰ ਕਿਸੇ ਨੇ ਸੇਲ ਲਗਾਈ ਤਾਂ ਸਾਮਾਨ ਜਬਤ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਾਡੇ ਵੱਲੋਂ ਕਿਸੇ ਵੀ ਦੁਕਾਨਾਦਰ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਜੇਕਰ ਕਿਸੇ ਨੇ ਨਾਜਾਇਜ਼ ਕਬਜ਼ਾ ਕੀਤਾ ਤਾਂ ਬਖ਼ਸ਼ਿਆ ਨਹੀਂ ਜਾਵੇਗਾ।