ਗਰਭਵਤੀ ਔਰਤ ਦੀ ਪਤੀ ਨੇ ਕੀਤੀ ਕੁੱਟਮਾਰ, ਅਣਜੰਮੇ ਬੱਚੇ ਦੀ ਮੌਤ
ਪਤੀ ਦੀ ਕੁੱਟਮਾਰ ਕਾਰਨ ਗਰਭਵਤੀ ਔਰਤ ਦੇ ਪੇਟ ਵਿੱਚ ਬੱਚੇ ਦੀ ਹੋਈ ਮੌਤ
Publish Date: Wed, 04 Feb 2026 09:03 PM (IST)
Updated Date: Wed, 04 Feb 2026 09:05 PM (IST)

ਦਾਜ ਲਈ ਬੇਰਹਿਮੀ ਨਾਲ ਪਤਨੀ ਦੇ ਢਿੱਡ ਵਿੱਚ ਮਾਰੀਆਂ ਲੱਤਾਂ ਮੁਲਜ਼ਮ ਪਤੀ ਸਮੇਤ ਚਾਰ ਖਿਲਾਫ ਮੁਕੱਦਮਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦਾਜ ਦੇ ਲਾਲਚ ਵਿੱਚ ਲੜਾਈ ਝਗੜੇ ਦੌਰਾਨ ਗਰਭਵਤੀ ਔਰਤ ਨਾਲ ਉਸ ਦੇ ਪਤੀ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੁਲਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪੀੜਤਾ ਦੇ ਢਿੱਡ ਵਿਚ ਲੱਤਾਂ ਮਾਰੀਆਂ ਜਿਸ ਕਾਰਨ ਉਸ ਦੇ ਪੇਟ ਵਿੱਚ ਪਲ ਰਿਹਾ ਦੋ ਮਹੀਨੇ ਦਾ ਭਰੂਣ ਖਰਾਬ ਹੋ ਗਿਆ। ਇਸ ਸੰਸਨੀਖੇਜ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਇਸ ਘਿਨੋਉਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪਤੀ ਅਤੇ ਉਸ ਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਪੀੜਿਤ ਅੰਜਲੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ ਉਸ ਦਾ ਵਿਆਹ ਬੈਂਕ ਕਲੋਨੀ ਨੂਰਵਾਲਾ ਰੋਡ ਦੇ ਰਹਿਣ ਵਾਲੇ ਟਿੰਕੂ ਤੁਲੀ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਪਤੀ ਵੱਲੋਂ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਣ ਸ਼ੁਰੂ ਕਰ ਦਿੱਤਾ ਗਿਆ। ਮੁਲਜ਼ਮ ਸਹੁਰੇ ਪਰਿਵਾਰ ਕੋਲੋਂ ਹੋਰ ਦਾਜ ਦੀ ਮੰਗ ਕਰਦਾ ਅਤੇ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਹੁੰਦੀ ਤਾਂ ਉਸ ਦਾ ਪਤੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਾ ਸੀ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਪਤੀ ਨਾਲ ਜੇਠ ਰਕੇਸ਼ ਕੁਮਾਰ, ਨਨਾਣ ਪਿੰਕੀ ਅਤੇ ਸ਼ਿਵਾਨੀ ਵੀ ਉਸ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਦੇ ਸਨ। ਪਤੀ ਨੇ ਕਈ ਵਾਰ ਕੁੱਟਮਾਰ ਕਰਕੇ ਉਸ ਨੂੰ ਘਰੋਂ ਵੀ ਕੱਢਿਆ। ਜਨਵਰੀ ਮਹੀਨੇ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਅੰਜਲੀ ਨੂੰ ਉਸ ਦੇ ਪਤੀ ਨੇ ਕੁੱਟਮਾਰ ਕਰਕੇ ਪੇਕੇ ਘਰ ਭੇਜ ਦਿੱਤਾ। ਬੀਤੀ 23 ਜਨਵਰੀ ਨੂੰ ਵੀ ਜਦ ਅੰਜਲੀ ਦੀ ਮਾਂ ਦੇਵਕੀ ਦੇਵੀ ਅਤੇ ਜੀਜਾ ਵਿਜੇ ਦੁੱਗਲ ਇਸ ਲੜਾਈ ਨੂੰ ਖਤਮ ਕਰਕੇ ਉਸ ਨੂੰ ਵਾਪਸ ਸਹੁਰੇ ਘਰ ਛੱਡਣ ਗਏ ਤਾਂ ਉਸ ਦੇ ਪਤੀ ਟਿੰਕੂ ਤੁਲੀ ਨੇ ਆਪਣੇ ਭਰਾ ਅਤੇ ਭੈਣਾਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਪਤੀ ਅਤੇ ਜੇਠ ਨੇ ਉਸ ਦੇ ਢਿੱਡ ਤੇ ਲੱਤਾਂ ਮਾਰਕੇ ਬੂਰੀ ਉਸ ਦੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਪੀੜਤ ਅੰਜਲੀ ਦਾ ਦੋ ਮਹੀਨੇ ਦਾ ਗਰਭ ਖਰਾਬ ਹੋ ਗਿਆ। ਕੁੱਟਮਾਰ ਕਾਰਨ ਉਸ ਦੇ ਬੱਚੇ ਦੀ ਕੁੱਖ ਵਿੱਚ ਹੀ ਮੌਤ ਹੋ ਗਈ। ਪੇਕੇ ਪਰਿਵਾਰ ਵਾਲੇ ਕਿਸੇ ਤਰ੍ਹਾਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਟਿੰਕੂ ਤੁਲੀ, ਜੇਠ ਰਕੇਸ਼ ਸਮੇਤ ਦੋਨਾਂ ਨਨਾਣਾਂ ਉਪਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।