ਗੁਰਬਾਣੀ ਅਭਿਆਸ ਮਨੁੱਖੀ ਜੀਵਨ ਨੂੰ ਬਣਾਉਂਦੈ ਸੁਖਦਾਇਕ : ਸੇਵਾਦਾਰ ਬਿੰਦਰਾ
ਗੁਰਬਾਣੀ ਦਾ ਅਭਿਆਸ ਮਨੁੱਖ ਦੇ ਜੀਵਨ ਨੂੰ ਸੁਖਮਈ ਬਣਾਉਂਦਾ ਹੈ
Publish Date: Wed, 22 Apr 2026 06:41 PM (IST)
Updated Date: Thu, 23 Apr 2026 04:04 AM (IST)
-ਜਪ ਤਪ ਚੌਪਹਿਰਾ ਸਮਾਗਮ ਸੰਗਤ ਨੂੰ ਬਾਣੀ ਨਾਲ ਜੋੜਨ ਦਾ ਮੁੱਖ ਸਾਧਨ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹਰ ਹਫ਼ਤੇ ਦੀ ਤਰ੍ਹਾਂ ਇਸ ਬੁੱਧਵਾਰ ਨੂੰ ਵੀ ਜਪ ਤਪ ਚੌਪਹਿਰਾ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਸੰਗਤ ਵੱਲੋਂ ਜਪੁਜੀ ਸਾਹਿਬ, ਚੌਪਈ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ “ਸਤਿਨਾਮ ਵਾਹਿਗੁਰੂ” ਦਾ ਜਾਪ ਕਰਕੇ ਗੁਰਬਾਣੀ ਨਾਲ ਜੁੜਨ ਦਾ ਸਨਮਾਨ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਪ ਤਪ ਚੌਪਹਿਰਾ ਸਮਾਗਮ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹੈ। ਫਿਲੌਰ ਤੋਂ ਆਏ ਪ੍ਰੇਮ ਸਿੰਘ ਨਰੂਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਹਰ ਹਫ਼ਤੇ ਹੋਣ ਵਾਲਾ ਇਹ ਸਮਾਗਮ ਸੰਗਤ ਲਈ ਆਤਮਿਕ ਤੌਰ ’ਤੇ ਬਹੁਤ ਲਾਭਦਾਇਕ ਹੈ। ਮੰਡੀ ਅਹਿਮਦਗੜ੍ਹ ਤੋਂ ਪਹੁੰਚੇ ਗੁਰਚਰਨ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਵੀ ਗੁਰੂਘਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਉਹਨਾਂ ਵਿੱਚ ਚੰਗੇ ਸੰਸਕਾਰਾਂ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ ਤੇ ਇਸ ਸਿੱਖੀ ਬਾਣੇ ਵਿਚ ਬਣ ਕੇ ਵਿਚਰਨਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀ ਭਵਿੱਖ ਦੀ ਪੀੜ੍ਹੀ ’ਤੇ ਚੰਗਾ ਪ੍ਰਭਾਵ ਪੈ ਸਕੇ ਤੇ ਨਸ਼ਿਆਂ ’ਚ ਗ਼ਰਕ ਹੋ ਰਹੇ ਨੌਜਵਾਨ ਨਸ਼ੇ ਨੂੰ ਛੱਡ ਕੇ ਨਾਮ ਸਿਮਰਨ ਦਾ ਅਭਿਆਸ ਕਰ ਕੇ ਆਪਣਾ ਜੀਵਨ ਸਫਲਾ ਕਰਨ। ਇਸ ਨਾਲ ਉਹ ਆਪਣਾ ਹੀ ਨਹੀਂ, ਸਗੋਂ ਮਾਪਿਆਂ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਸਵਾਰ ਸਕਦੇ ਹਨ।
ਇਸੇ ਦੌਰਾਨ ਬੀਬੀ ਦਲਜੀਤ ਕੌਰ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰਬਾਣੀ ਦਾ ਅਭਿਆਸ ਮਨੁੱਖ ਦੇ ਜੀਵਨ ਨੂੰ ਸੁਖਮਈ ਬਣਾਉਂਦਾ ਹੈ ਅਤੇ ਹਰ ਇੱਕ ਸਿੱਖ ਨੂੰ ਰੋਜ਼ਾਨਾ ਨਾਮ ਜਪਣਾ ਚਾਹੀਦਾ ਹੈ। ਸਮਾਗਮ ਦੌਰਾਨ ਸੰਗਤ ਨੂੰ ਗੁਰੂ ਕਾ ਲੰਗਰ ਅਤਿ ਪ੍ਰੇਮ ਨਾਲ ਵਰਤਾਇਆ ਗਿਆ। ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰਪਾਲ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਜਸਵਿੰਦਰ ਸਿੰਘ ਸੇਠੀ, ਅਮਰਪਾਲ ਸਿੰਘ ਸਰਨਾ,ਹਰਵਿੰਦਰਪਾਲ ਸਿੰਘ ਚਾਵਲਾ ਵੀ ਗੁਰੂ ਘਰ ਨਤਮਸਤਕ ਹੋਏ।