ਪਲਾਂਟੇਸ਼ਨ ’ਚ ਰੰਗਦਾਰ ਪਾਣੀ ਦੀ ਡੰਪਿੰਗ ਪੀਪੀਸੀਬੀ ਦੀ ਛਾਪੇਮਾਰੀ, ਸੈਂਪਲ ਭਰੇ
ਪਲਾਂਟੇਸ਼ਨ ’ਚ ਰੰਗਦਾਰ ਪਾਣੀ ਦੀ ਡੰਪਿੰਗ ਪੀਪੀਸੀਬੀ ਦੀ ਛਾਪੇਮਾਰੀ, ਸੈਂਪਲ ਭਰੇ
Publish Date: Mon, 09 Feb 2026 07:06 PM (IST)
Updated Date: Mon, 09 Feb 2026 07:08 PM (IST)

ਪਲਾਂਟੇਸ਼ਨ ’ਚ ਰੰਗਦਾਰ ਪਾਣੀ ਦੀ ਡੰਪਿੰਗ ਪੀਪੀਸੀਬੀ ਦੀ ਛਾਪੇਮਾਰੀ, ਸੈਂਪਲ ਭਰੇ -ਡਾਇੰਗ ਯੂਨਿਟਾਂ ਦਾ ਪ੍ਰਦੂਸ਼ਣ ਕਿਸਾਨਾਂ ਲਈ ਮੁਸੀਬਤ ਫੋਟੋ ਨੰਬਰ-16,17,18 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਥਾਪਤ ਕੁੱਝ ਪਲਾਂਟੇਸ਼ਨ ਡਾਇੰਗ ਯੂਨਿਟਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਪ੍ਰਦੂਸ਼ਣ ਫੈਲਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਬੋਰਡ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਵਿਜ਼ਿਟ ਕੀਤੀ ਹੈ। ਪੰਜਾਬੀ ਜਾਗਰਣ ਵੱਲੋਂ ਕੀਤੀ ਗਈ ਕਵਰੇਜ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਕੁੱਝ ਡਾਇੰਗ ਯੂਨਿਟ ਆਪਣੀ ਪਲਾਂਟੇਸ਼ਨ ਨੂੰ ਹੀ ਰੰਗਦਾਰ ਅਤੇ ਰਸਾਇਣਕ ਗੰਦੇ ਪਾਣੀ ਦੇ ਡਿਸਪੋਜ਼ਲ ਲਈ ਵਰਤ ਰਹੇ ਹਨ। ਪਿੰਡ ਢੇਰੀ ਸਥਿਤ ਅਨੀਤਾ ਪ੍ਰੋਸੈਸਰ ਡਾਇੰਗ ਯੂਨਿਟ ਵਿੱਚ ਕੈਮੀਕਲ ਮਿਲਿਆ ਰੰਗਦਾਰ ਪਾਣੀ ਬਿਨਾਂ ਪੂਰੀ ਟਰੀਟਮੈਂਟ ਦੇ ਪਲਾਂਟੇਸ਼ਨ ਏਰੀਆ ਵਿੱਚ ਛੱਡਿਆ ਜਾ ਰਿਹਾ ਸੀ। ਇਸਦੇ ਨਾਲ ਹੀ ਪਲਾਂਟੇਸ਼ਨ ਦੀ ਸੰਭਾਲ ਵੀ ਪੀਪੀਸੀਬੀ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਪਾਈ ਗਈ, ਜੋ ਕਨੂੰਨੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿੰਡ ਮਾਂਗਟ ਸਥਿਤ ਏਵਨ ਕੋਟੈਕਸ ਡਾਇੰਗ ਯੂਨਿਟ ਖ਼ਿਲਾਫ਼ ਵੀ ਪ੍ਰਦੂਸ਼ਣ ਸਬੰਧੀ ਸ਼ਿਕਾਇਤਾਂ ਸਾਹਮਣੇ ਆਈਆਂ। ਪੀੜਤ ਪਿੰਡ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਯੂਨਿਟ ਦੀ ਪਲਾਂਟੇਸ਼ਨ ਵਿੱਚ ਫੈਲ ਰਹੇ ਪ੍ਰਦੂਸ਼ਣ ਕਾਰਨ ਨਾਲ ਲੱਗਦੀ ਖੇਤੀਬਾੜੀ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਉਸਨੇ ਦੋਸ਼ ਲਗਾਇਆ ਕਿ ਰਾਤ ਦੇ ਸਮੇਂ ਚਿਮਣੀ ਤੋਂ ਕਾਲਾ ਧੂਆਂ ਛੱਡਿਆ ਜਾਂਦਾ ਹੈ, ਜਿਸ ਦੀ ਰਾਖ ਘਰਾਂ ਵਿੱਚ ਜਮ ਜਾਂਦੀ ਹੈ ਅਤੇ ਬਦਬੂ ਕਾਰਨ ਜੀਵਨ ਦੁਰਲੱਭ ਬਣ ਗਿਆ ਹੈ। -ਪੀਪੀਸੀਬੀ ਦੀ ਤੁਰੰਤ ਵਿਜ਼ਿਟ, ਸੈਂਪਲ ਭਰੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉਕਤ ਯੂਨਿਟਾਂ ’ਤੇ ਵਿਜ਼ਿਟ ਕਰਕੇ ਮੌਕੇ ਤੋਂ ਪਾਣੀ ਦੇ ਸੈਂਪਲ ਭਰ ਲਏ ਗਏ ਹਨ। ਪੀਪੀਸੀਬੀ ਦੇ ਚੀਫ ਇੰਜੀਨੀਅਰ ਆਰਕੇ. ਰਤੜਾ ਨੇ ਦੱਸਿਆ ਕਿ ਸੈਂਪਲਾਂ ਦੀ ਲੈਬ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਮਲੇ ਸਬੰਧੀ ਪੱਖ ਜਾਣਨ ਲਈ ਜਦੋਂ ਸੰਬੰਧਿਤ ਡਾਇੰਗ ਯੂਨਿਟਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋ ਸਕਿਆ। -ਫਸਲਾਂ ਨੂੰ ਹੋ ਸਕਦਾ ਹੈ ਗੰਭੀਰ ਨੁਕਸਾਨ ਪਰਿਆਵਰਣ ਵਿਸ਼ੇਸ਼ਗਿਆਨਾਂ ਅਨੁਸਾਰ ਡਾਇੰਗ ਉਦਯੋਗ ਦੇ ਗੰਦੇ ਪਾਣੀ ਵਿੱਚ ਭਾਰੀ ਧਾਤਾਂ, ਉੱਚ ਮਾਤਰਾ ਵਿੱਚ ਲੂਣ (ਟੀਡੀਐਸ) ਅਤੇ ਰਸਾਇਣਕ ਰੰਗ ਸ਼ਾਮਲ ਹੁੰਦੇ ਹਨ, ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਕਣਕ ਅਤੇ ਧਾਨ ਦੀਆਂ ਜੜਾਂ ਦੀ ਵਾਧਾ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਪਜ ਵਿੱਚ ਭਾਰੀ ਕਮੀ ਆਉਣ ਦਾ ਖ਼ਤਰਾ ਬਣ ਜਾਂਦਾ ਹੈ। ਇਸਦੇ ਨਾਲ ਹੀ ਜ਼ਮੀਨੀ ਪਾਣੀ ਦੇ ਪ੍ਰਦੂਸ਼ਿਤ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ, ਜੋ ਲੰਬੇ ਸਮੇਂ ਲਈ ਕਿਸਾਨਾਂ ਅਤੇ ਪਿੰਡ ਵਾਸੀਆਂ ਲਈ ਗੰਭੀਰ ਸਮੱਸਿਆ ਬਣ ਸਕਦੀ ਹੈ।