ਤਪਦੀ ਗਰਮੀ ’ਚ ਲੱਗੇ ਬਿਜਲੀ ਕੱਟ ਨੇ ਲੋਕਾਂ ਦੇ ਕਢਾਏ ਪਸੀਨੇ
ਤਪਦੀ ਗਰਮੀ ’ਚ ਲੱਗੇ ਬਿਜਲੀ ਕੱਟ ਨੇ ਲੁਧਿਆਣਵੀਆਂ ਦੇ ਕਢਾਏ ਪਸੀਨੇ
Publish Date: Wed, 22 Apr 2026 09:48 PM (IST)
Updated Date: Thu, 23 Apr 2026 04:11 AM (IST)

-ਕੱਟਾਂ ਦਾ ਸ਼ਡਿਊਲ ਜਾਰੀ, ਕਈ ਥਾਈਂ ਪਾਣੀ ਨੂੰ ਤਰਸੇ ਲੋਕ, ਅਗਲੇ ਦਿਨਾਂ ’ਚ ਕਈ ਇਲਾਕੇ ਹੋਣਗੇ ਪ੍ਰਭਾਵਿਤ ਇਸ ਖਬਰ ਨਾਲ ਸਬੰਧਤ ਫੋਟੋਆਂ ਹਿੰਦੀ ਤੋਂ ਲੈ ਲੈਣਾ ਜੀ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ’ਚ ਬਦਲੇ ਮੌਸਮ ਤੇ ਚੜ੍ਹੇ ਪਾਰੇ ਲੋਕਾਂ ਦੇ ਪਸੀਨੇ ਕਢਵਾ ਦਿੱਤੇ। ਅੱਜ ਲੱਗੇ 5 ਤੋਂ ਅੱਠ ਘੰਟੇ ਦੇ ਲੰਬੇ ਬਿਜਲੀ ਕੱਟਾਂ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਇਕ ਪਾਸ ਜਿੱਥੇ ਸ਼ਹਿਰ ਦੇ ਸਨਅਤਕਾਰਾਂ ਨੂੰ ਆਪਣੀਆਂ ਫੈਕਟਰੀਆਂ ਚਲਾਉਣ ਲਈ ਜਨਰੇਟਰ ਚਲਾਉਣੇ ਪਏ, ਉੱਥੇ ਹੀ ਕਈ ਇਲਾਕਿਆਂ ਦੇ ਵਾਸੀ ਪੀਣ ਵਾਲੇ ਪਾਣੀ ਲਈ ਇੱਧਰ ਉਧਰ ਭਟਕਦੇ ਦਿਖਾਈ ਦਿੱਤੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐਸਪੀਸੀਐਲ) ਵੱਲੋਂ 11 ਕੇਵੀ ਫੀਡਰਾਂ ਦੀ ਮੁਰੰਮਤ ਅਤੇ ਬਿਜਲੀ ਲਾਈਨਾਂ ਹੇਠ ਰੁੱਖਾਂ ਦੀ ਕਟਾਈ ਦੇ ਕੰਮ ਕਰਕੇ ਮਹਾਨਗਰ ਦੇ ਵੱਖ-ਵੱਖ ਖੇਤਰਾਂ ਵਿੱਚ 26 ਅਪ੍ਰੈਲ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾ ਰਹੀ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਣ ਐਲਾਨੇ ਕੱਟ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਮੁਰੰਮਤ ਲਈ ਲਗਾਏ ਜਾ ਰਹੇ ਕੱਟਾਂ ਸਬੰਧੀ ਵਿਭਾਗ ਵੱਲੋਂ ਵਿਸਥਾਰਪੂਰਵਕ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ। ਸਮਾਂ-ਸਾਰਣੀ ਅਨੁਸਾਰ 23 ਅਪ੍ਰੈਲ ਨੂੰ ਅਹਿਮਦਗੜ੍ਹ/ਮਲੋਦ ਦੇ ਮਲੋਦ ਟਾਊਨ, ਸੂਸ, ਭੱਟੀਆਂ ਅਤੇ ਅਹਿਮਦਗੜ੍ਹ ਟਾਊਨ, ਖੰਨਾ ਖੰਡ ਦੇ ਖੰਨਾ-1, ਖੰਨਾ-2, ਜੀਟੀ ਰੋਡ ਅਤੇ ਅਮਲੋਹ ਰੋਡ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ। ਇਸੇ ਦਿਨ ਸ਼ਹਿਰ ਪੱਛਮੀ ਖੰਡ ਦੇ ਰਿਸ਼ੀ ਨਗਰ, ਹੈਬੋਵਾਲ ਖੁਰਦ ਅਤੇ ਹੰਬਦਾ ਰੋਡ, ਖੰਨਾ ਸ਼ਹਿਰ ਦੇ ਲਲਹੇੜੀ ਰੋਡ ਅਤੇ ਸਮਰਾਲਾ ਰੋਡ, ਉਦਯੋਗਿਕ ਕੇਂਦਰ ਖੇਤਰ ਦੇ ਜੀਵਨ ਨਗਰ, ਟਰਾਂਸਪੋਰਟ ਨਗਰ ਤੇ ਮੋਤੀ ਨਗਰ, ਜਮਾਲਪੁਰ ਖੰਡ ਦੇ ਜਮਾਲਪੁਰ ਕਲੋਨੀ, ਮੁੰਡੀਆ ਅਤੇ ਸਾਹਨੇਵਾਲ ਵਿੱਚ ਵੀ ਸਪਲਾਈ ਬੰਦ ਰਹੇਗੀ। 24 ਅਪ੍ਰੈਲ ਨੂੰ ਸਿਵਲ ਲਾਈਨਜ਼ ਖੇਤਰ ਦੇ ਪੁਰਾਣਾ ਕੁੰਦਨ ਪੁਰੀ ਅਤੇ ਕੈਲਾਸ਼ ਨਗਰ, ਅਮਲੋਹ ਦੇ ਪੇਂਡੂ ਖੇਤਰ, ਸਰਾਭਾ ਨਗਰ ਦੇ ਬਲਾਕ ਏ, ਬੀ, ਸੀ ਤੇ ਆਰਤੀ ਸਿਨੇਮਾ ਰੋਡ, ਸੁੰਦਰ ਨਗਰ ਦੇ ਮਾਧੋਪੁਰੀ, ਨਿਊ ਮਾਧੋਪੁਰੀ ਅਤੇ ਮੁੱਖ ਬਾਜ਼ਾਰ, ਅਗਰ ਨਗਰ, ਇਯਾਲੀ ਚੌਕ ਤੇ ਬਰੇਲੀ ਰੋਡ ਇਲਾਕਿਆਂ ਵਿੱਚ ਬਿਜਲੀ ਕੱਟ ਲਗਾਏ ਜਾਣਗੇ। ਇਸ ਤੋਂ ਇਲਾਵਾ 25 ਅਤੇ 26 ਅਪ੍ਰੈਲ ਨੂੰ ਦੁੱਗਰੀ ਫੇਜ਼ 1, 2, 3 ਤੇ ਧਾਂਧਰਾ ਰੋਡ, ਗਿੱਲ ਰੋਡ ਦੇ ਜਨਤਾ ਨਗਰ, ਸ਼ਿਮਲਾਪੁਰੀ ਅਤੇ ਕੋਟ ਮੰਗਲ ਸਿੰਘ ਅਤੇ ਹੈਬੋਵਾਲ/ਸ਼ਿਵਪੁਰੀ ਖੇਤਰ ਦੇ ਨਿਊ ਹੈਬੋਵਾਲ, ਸ਼ਿਵਪੁਰੀ ਅਤੇ ਨਿਊ ਕੁੰਦਨ ਪੁਰੀ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗੀ ਅਧਿਕਾਰੀਆਂ ਮੁਤਾਬਕ ਇਹ ਕੱਟ ਮੁਰੰਮਤ ਕੰਮ ਨੂੰ ਸੁਚਾਰੂ ਤਰੀਕੇ ਨਾਲ ਪੂਰਾ ਕਰਨ ਲਈ ਲਾਜ਼ਮੀ ਹਨ। ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਸਮੇਂ ਦੌਰਾਨ ਆਪਣੀਆਂ ਲੋੜਾਂ ਲਈ ਪਹਿਲਾਂ ਤੋਂ ਤਿਆਰੀ ਕਰ ਲੈਣ। ਉਧਰ ਪਾਵਰਕਾਮ ਵੱਲੋਂ ਅੱਜ ਲਗਾਏ ਗਏ ਅਣ ਐਲਾਨੇ ਬਿਜਲੀ ਕੱਟਾਂ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਬਹਾਦਰ ਕੇ ਰੋਡ, ਬਾਜੀਗਰ ਮੁਹੱਲਾ, ਭਾਰਤੀ ਕਲੋਨੀ, ਗੁਰਬਖਸ਼ ਕਲੋਨੀ, ਸਤਸੰਗ ਘਰ ਖੇਤਰ, ਆਜ਼ਾਦ ਨਗਰ, ਨੂਰਵਾਲਾ ਰੋਡ ਤੇ ਬੈਂਕ ਕਲੋਨੀ, ਵਸੰਤ ਵਿਹਾਰ, ਗਰੇਵਾਲ ਅਸਟੇਟ, ਗਗਨਦੀਪ ਕਲੋਨੀ, ਲੱਡੂ ਕਲੋਨੀ, ਕਾਕੋਵਾਲ ਰੋਡ ਤੇ ਬਾਬਾ ਕਲੋਨੀ ਅਤੇ ਪਿੰਕ ਸਿਟੀ ਸਮੇਤ ਕਈ ਇਲਾਕਿਆਂ ਵਿੱਚ 8 ਘੰਟੇ ਤੱਕ ਬਿਜਲੀ ਬੰਦ ਰਹੀ। ਮੁੰਡੀਆਂ ਕਲਾਂ, ਢੰਡਾਰੀ ਕਲਾਂ, ਦੁਰਗਾ ਕਲੋਨੀ, ਰਾਮ ਨਗਰ, ਸ਼ੇਰਪੁਰ, ਬਾਬਾ ਦੀਪ ਸਿੰਘ ਕਲੋਨੀ, ਰਣਜੀਤ ਨਗਰ, ਗਿਆਸਪੁਰ ਦੇ ਅੰਬੇਦਕਰ ਨਗਰ, ਸਮਰਾਟ ਕਲੋਨੀ, ਸ਼ਾਂਤੀ ਨਗਰ, ਮਹਾਦੇਵ ਨਗਰ ਤੇ ਸ਼ਿਮਲਾਪੁਰੀ ਡਾਬਾ ਰੋਡ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ। ਲੋਕ ਸਵੇਰ ਤੋਂ ਹੀ ਪਾਣੀ ਦੀ ਭਾਲ ਵਿੱਚ ਬਾਲਟੀਆਂ ਲੈ ਕੇ ਘੁੰਮਦੇ ਵੇਖੇ ਗਏ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਲੱਗਣ ਵਾਲੇ ਬਿਜਲੀ ਕੱਟਾਂ ਦੌਰਾਨ ਨਗਰ ਨਿਗਮ ਵੱਲੋਂ ਲੋਕਾਂ ਦੀ ਪਾਣੀ ਦੀ ਜਰੂਰਤ ਨੂੰ ਪੂਰਾ ਕਰਨ ਲਈ ਕੀ ਪ੍ਰਬੰਧ ਕੀਤੇ ਜਾਂਦੇ ਹਨ।