ਅੱਤ ਦੀ ਗਰਮੀ ’ਚ ਬਿਜਲੀ ਕੱਟ ਲੋਕਾਂ ਨੂੰ ਕਰ ਰਹੇ ਬੇਹਾਲ
ਅੱਤ ਦੀ ਗਰਮੀ ’ਚ ਬਿਜਲੀ ਕੱਟ ਲੋਕਾਂ ਨੂੰ ਕਰ ਰਹੇ ਬੇਹਾਲ
Publish Date: Thu, 23 Apr 2026 08:49 PM (IST)
Updated Date: Fri, 24 Apr 2026 04:13 AM (IST)

ਸ਼ਹਿਰ ਦੇ ਕਈ ਇਲਾਕਿਆਂ ’ਚ 4 ਘੰਟੇ ਤੇ ਕੁਝ ਥਾਵਾਂ ’ਤੇ 12 ਘੰਟੇ ਬਿਜਲੀ ਰਹੀ ਬੰਦ ਜ਼ਿਆਦਾਤਰ ਲੋਕ ਦੁਪਹਿਰ ਵੇਲੇ ਗਰਮੀ ਤੋਂ ਪਰੇਸ਼ਾਨ, ਇਨਵਰਟਰ ਵੀ ਹੋਏ ਫੇਲ੍ਹ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਇਕ ਪਾਸੇ ਜਿੱਥੇ ਦਿਨ ਦਾ ਤਾਪਮਾਨ 40 ਦੇ ਆਸ-ਪਾਸ ਪੁੱਜਣ ਨਾਲ ਅੱਤ ਦੀ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉੱਥੇ ਹੀ ਬਿਹਲੀ ਦੇ ਲੱਗ ਰਹੇ ਕੱਟ ਵੀ ਲੋਕਾਂ ਨੂੰ ਬੇਹਾਲ ਕਰ ਰਹੇ ਹਨ, ਜੇਕਰ ਵੀਰਵਾਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਸ਼ਹਿਰ ਦੇ ਬਸਤੀ ਜੋਧੇਵਾਲ ਤੇ ਆਸ-ਪਾਸ ਦੇ 15 ਇਲਾਕਿਆਂ ’ਚ 4 ਘੰਟੇ ਤੱਕ ਬਿਜਲੀ ਬੰਦ ਰਹੀ, ਜਦੋਂ ਕਿ ਚੰਡੀਗੜ੍ਹ ਰੋਡ ’ਤੇ ਸਥਿਤ ਨਿਊ ਕੀਰਤੀ ਨਗਰ ਵਿੱਚ ਬਿਜਲੀ ਦਾ ਇਹ ਕੱਟ 12 ਘੰਟੇ ਤੱਕ ਚੱਲਿਆ, ਜਿਸ ਕਾਰਨ ਇਲਾਕੇ ਦੇ ਕਈ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਬਿਜਲੀ ਆਉਣ ਦੀ ਉਡੀਕ ਕਰਨੀ ਪਈ। ਨਿਊ ਕੀਰਤੀ ਨਗਰ ਕਾਲੋਨੀ ਸਮੇਤ ਗਿਆਸਪੁਰਾ ਦੇ ਅੰਬੇਡਕਰ ਨਗਰ ਅਤੇ ਹੋਰਨਾਂ ਕਾਲੋਨੀਆਂ ਵਿੱਚ ਬਿਜਲੀ ਦੇ ਕੱਟ ਕਾਰਨ ਨਗਰ ਨਿਗਮ ਦੇ ਬਹੁਤੇ ਟਿਊਬਵੈੱਲ ਨਹੀਂ ਚੱਲੇ ਜਿਸ ਕਾਰਨ ਲੋਕਾਂ ਪਾਣੀ ਦੀ ਸਮੱਸਿਆ ਨਾਲ ਜੂਝਣਾ ਪਿਆ। ਪਾਣੀ ਦੇ ਕਿੱਲਤ ਦੇ ਚੱਲਦੇ ਅੰਬੇਡਕਰ ਨਗਰ ਦੀਆਂ ਔਰਤਾਂ ਨੇ ਖਾਲੀ ਬਾਲਟੀਆਂ ਲੈਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਪਾਵਰਕਾਮ ਨੇ ਗਰਿੱਡ ਅਤੇ ਲਾਈਨਾਂ ਦੀ ਮੁਰੰਮਤ ਲਈ ਵੱਖ ਵੱਖ ਦਿਨ ਫੀਡਰਾਂ ਦੇ ਮੁਤਾਬਿਕ ਵੱਖ ਵੱਖ ਇਲਾਕਿਆਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਹੋਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਦੇ ਚੱਲਦੇ ਅੱਜ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤਾਂ ਪਾਵਰਕਾਮ ਵੱਲੋਂ ਜਾਰੀ ਸ਼ਡਿਊਲ ਦੇ ਅਨੁਸਾਰ ਤੇ ਕਈ ਇਲਾਕਿਆਂ ਵਿੱਚ ਸਮੱਸਿਆ ਦੇ ਚੱਲਦੇ ਬਿਜਲੀ ਬੰਦ ਰਹੀ। ਨਤੀਜੇ ਵਜੋਂ ਲੋਕਾਂ ਨੂੰ ਅੱਤ ਦੀ ਗਰਮੀ ਸਮੇਤ ਪਾਣੀ ਲਈ ਵੀ ਪ੍ਰੇਸ਼ਾਨ ਹੋਣਾ ਪਿਆ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ, ਇਹ ਬੰਦ ਨਿਰਧਾਰਤ ਸਮੇਂ ਤੋਂ ਵੱਧ ਗਿਆ, ਜਿਸ ਕਾਰਨ ਲੋਕਾਂ ’ਚ ਰੋਸ ਪੈਦਾ ਹੋਇਆ। ਇਸ ਦੌਰਾਨ ਬੀਆਰਐੱਸ ਨਗਰ, ਬਸਤੀ ਜੋਧੇਵਾਲ ਰਣਜੀਤ ਐਵੀਨਿਊ, ਨਿਊ ਵਿਸ਼ਨੂੰਪੁਰੀ, ਬੋਪਾਰਾਏ, ਰਾਮਗੜ੍ਹ ਸਿਵੀਆ, ਬਚਿੱਤਰ ਨਗਰ, ਰਣੀਆਂ, ਜਸਪਾਲ ਬਾਂਗਰ, ਸੰਗੋਵਾਲ, ਡੇਹਲੋਂ ਰੋਡ, ਖਾਨਪੁਰ, ਆਲਮਗੀਰ, ਜਸੋਵਾਲ, ਡੈਲਟਾ ਸਿਟੀ, ਬਸੰਤ ਐਵੀਨਿਊ, ਸ਼ਿਮਲਾ ਕਲੋਨੀ, ਕੈਲਾਸ਼ ਨਗਰ ਰੋਡ, ਗਗਨਦੀਪ ਕਲੋਨੀ, ਆਦਰਸ਼ ਨਗਰ, ਗ੍ਰੀਨਲੈਂਡ ਸਕੂਲ, ਮੋਹਿਨੀ ਰਿਜ਼ੋਰਟ, ਰਸੀਲਾ ਨਗਰ, ਅਰਬਨ ਅਸਟੇਟ ਫੇਸ-2, ਨਿਊ ਸ਼ਿਵਪੁਰੀ, ਬੈਂਕ ਕਲੋਨੀ, ਜੈਨ ਨਗਰ, ਬੀਜਾ, ਐੱਮਕੇ ਰੋਡ, ਰਸੂਲੜਾ, ਬਰਮਾਲੀਪੁਰ, ਰਾਏਪੁਰ, ਸੇਖੋਂ, ਬਿਸ਼ਨਪੁਰ, ਸੁਨੇਤ ਬਲਾਕ, ਬੀਆਰਐਸ ਨਗਰ ਸਮੇਤ ਹੋਰ ਕਈ ਇਲਾਕਿਆਂ ਦੀ ਬਿਜਲੀ ਬੰਦ ਰਹੀ। ਬਾਕਸ-- ਔਰਤਾਂ ਨੇ ਪਾਣੀ ਦੀ ਸਪਲਾਈ ਦੀ ਘਾਟ ਦੇ ਵਿਰੋਧ ’ਚ ਕੀਤਾ ਪ੍ਰਦਰਸ਼ਨ ਬਿਜਲੀ ਬੰਦ ਹੋਣ ਅਤੇ ਪਾਣੀ ਦੀ ਕਿੱਲਤ ਕਾਰਨ ਅੰਬੇਦਕਰ ਨਗਰ ਦੀਆਂ ਔਰਤਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਾਣਾ ਪਕਾਉਣ ਤੋਂ ਲੈ ਕੇ ਕੱਪੜੇ ਧੋਣ ਤੱਕ ਘਰੇਲੂ ਕੰਮਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਰਦੀਆਂ ਵਿੱਚ ਬਿਜਲੀ ਦੀ ਮੁਰੰਮਤ ਕਰਨੀ ਚਾਹੀਦੀ ਹੈ। ਇਸ ਦੌਰਾਨ ਕੁਝ ਕੌਂਸਲਰਾਂ ਨੇ ਆਪਣੇ ਵਾਰਡਾਂ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੇ ਟੈਂਕਰ ਭੇਜੇ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ।