ਸੜਕ ’ਚ ਪਏ ਟੋਇਆਂ ਨੇ ਲੋਕਾਂ ਦਾ ਕੀਤਾ ਜਿਊਣਾ ਮੁਹਾਲ
ਜੈਨ ਮੰਦਿਰ ਚੌਂਕ ਦੁੱਗਰੀ ਬਾਈਪਾਸ ਤੋਂ ਧਾਂਦਰਾਂ ਰੋਡ ’ਤੇ ਪਏ ਟੋਇਆਂ ਨੇ ਇਲਾਕਾ ਵਾਸੀਆਂ ਦਾ ਕੀਤਾ ਜਿਉਣਾ ਮੁਹਾਲ
Publish Date: Mon, 09 Mar 2026 07:28 PM (IST)
Updated Date: Tue, 10 Mar 2026 04:09 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਜੈਨ ਮੰਦਿਰ ਚੌਂਕ ਤੋਂ ਧਾਂਦਰਾਂ ਰੋਡ ’ਤੇ ਪਏ ਟੋਏਆਂ ਨੇ ਆਸ-ਪਾਸ ਦੇ ਵਸਨੀਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇਲਾਕਾ ਨਿਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਤੇ ਮਿਸਿੰਗ ਲਿੰਕ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਤਕਰੀਬਨ ਇਕ ਸਾਲ ਪਹਿਲਾ ਬਣੀ ਸੜਕ ’ਤੇ ਪਿਛਲੇ ਸਾਲ ਬਰਸਾਤਾਂ ਵਿਚ ਬਹੁਤ ਡੂੰਘੇ ਟੋਏ ਪੈ ਚੁੱਕੇ ਹਨ। ਲੋਕ ਨਿਰਮਾਣ ਵਿਭਾਗ ਦੇ ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਲਿਖਤੀ ਤੇ ਵਟਸਐਪ ’ਤੇ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਵਿਭਾਗ ਵੱਲੋਂ ਟੋਇਆਂ ਵਿੱਚ ਮਿੱਟੀ ਪਾ ਕੇ ਲੋਕਾਂ ਨੂੰ ਲਾਲੀਪੋਪ ਦਿੱਤਾ ਗਿਆ ਸੀ, ਉਹ ਇੱਕ ਬਰਸਾਤ ਵਿਚ ਹੀ ਨਿਕਲ ਗਈ ਹੁਣ ਸਾਰੀ ਸੜਕ ਦੁਬਾਰਾ ਬਣਨ ਵਾਲੀ ਹੈ। ਸਲੂਜਾ ਨੇ ਕਿਹਾ ਕੇ ਟੋਇਆਂ ਕਰਕੇ ਵਾਹਨ ਵੀ ਹੋਲੀ ਚੱਲਦੇ ਹਨ, ਜਿਸ ਨਾਲ ਸੜਕ ’ਤੇ ਸਾਰਾ ਦਿਨ ਜਾਮ ਲਗਾ ਰਹਿੰਦਾ ਹੈ ਕਿਸੇ ਅਣਸੁਖਾਵੀਂ ਘਟਨਾ ਹੋਣ ’ਤੇ ਫਾਇਰ ਬ੍ਰਿਗੇਡ ਤੇ ਐਮਬੂਲੈਂਸ ਦਾ ਲੰਘਣਾ ਵੀ ਨਾਮੁਮਕਿਨ ਹੈ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਸਲੂਜਾ ਨੇ ਕਿਹਾ ਕਿ ਸੜਕ ’ਤੇ ਸਕੂਲ ਹੋਣ ਕਰ ਕੇ ਸਵੇਰ ਤੇ ਦੁਪਹਿਰ ਸਮੇਂ ਸਥਿਤੀ ਹੋਰ ਵੀ ਨਾਜ਼ੁਕ ਹੋ ਜਾਂਦੀ ਹੈ। ਲੋਕਾਂ ਨੂੰ ਕਾਫ਼ੀ ਸਮਾਂ ਟ੍ਰੈਫ਼ਿਕ ਜ਼ਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਸਲੂਜਾ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਇਲਾਕਾ ਨਿਵਾਸੀ ਸੁੱਖ ਦਾ ਸਾਹ ਲੈ ਸਕਣ।