ਚੌਂਕੀਮਾਨ ਟੋਲ ਪਲਾਜ਼ਾ ਨੇੜੇ ਟਾਇਰ ਫਟਣ ਕਾਰਨ ਦਾਖਾ ਪੁਲਿਸ ਦੀ ਗੱਡੀ ਪਲਟੀ
ਖ਼ਤਰਨਾਕ ਅਪਰਾਧੀ ਅਮਿਤ ਡਾਂਗਰ ਨੂੰ ਲੈ ਕੇ ਜਾਂਦੀ ਪੁਲਿਸ ਗੱਡੀ ਪਲਟੀ
Publish Date: Fri, 23 Jan 2026 07:27 PM (IST)
Updated Date: Sat, 24 Jan 2026 04:13 AM (IST)
-22)--- ਅਮਿਤ ਡਾਂਗਰ ਨੂੰ ਲੁਧਿਆਣਾ ਵਿੱਚ ਪੇਸ਼ ਕਰਨ ਲਈ ਲੈਕੇ ਜਾਂਦੇ ਹੋਏ ਪੁਲਿਸ ਕਰਮਚਾਰੀ।
- ਗੈਂਗਸਟਰ ਅਮਿਤ ਡਾਂਗਰ ਦੀ ਲੱਤ ਟੁੱਟੀ, ਚਾਰ ਮੁਲਾਜ਼ਮ ਵੀ ਜ਼ਖ਼ਮੀ
- ਇਲਾਜ ਮਗਰੋਂ ਗੈਂਗਸਟਰ ਨੂੰ ਲੁਧਿਆਣਾ ਕੋਰਟ ’ਚ ਕੀਤਾ ਪੇਸ਼ੇ
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ,
ਮੁੱਲਾਂਪੁਰ ਦਾਖਾ : ਬੀਤੀ ਦੇਰ ਰਾਤ ਚੌਂਕੀਮਾਨ ਟੋਲ ਪਲਾਜ਼ਾ ਨੇੜੇ ਦਾਖਾ ਪੁਲਿਸ ਦੀ ਗੱਡੀ ਦਾ ਅਚਾਨਕ ਟਾਇਰ ਫਟ ਜਾਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸੜਕ ਕਿਨਾਰੇ ਪਏ ਟੋਇਆਂ ’ਚ ਜਾ ਕੇ ਪਲਟ ਗਈ, ਜਿਸ ਕਾਰਨ ਵਾਹਨ ’ਚ ਸਵਾਰ ਗੈਂਗਸਟਰ ਅਮਿਤ ਡਾਂਗਰ ਦੀ ਇੱਕ ਲੱਤ ਟੁੱਟ ਗਈ, ਜਦਕਿ ਗੱਡੀ ’ਚ ਸਵਾਰ ਚਾਰ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਰਾਏਕੋਟ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਜ਼ਖ਼ਮੀ ਹੋਏ ਪੁਲਿਸ ਕਰਮਚਾਰੀਆਂ ’ਚ ਏਐੱਸਆਈ ਗੁਰਮੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਿੰਡ ਬੱਦੋਵਾਲ ਨੇੜੇ ਇਕ ਲਗਜ਼ਰੀ ਰੈਂਟਲ ਕਾਰ ਸ਼ੋਅਰੂਮ ’ਤੇ ਦੋ ਨੌਜਵਾਨਾਂ ਵੱਲੋਂ ਗੋਲ਼ੀਬਾਰੀ ਕੀਤੀ ਗਈ ਸੀ। ਇਸ ਮਾਮਲੇ ’ਚ ਦਾਖਾ ਪੁਲਿਸ ਨੇ ਕੇਸ ਦਰਜ ਕਰ ਕੇ ਗੈਂਗਸਟਰ ਕੌਸ਼ਲ ਚੌਧਰੀ ਨੂੰ ਗੁੜਗਾਉਂ ਜ਼ੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦਾ ਸੀ। ਪੁੱਛਗਿੱਛ ਦੌਰਾਨ ਗੈਂਗਸਟਰ ਅਮਿਤ ਡਾਗਰ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਨਾਮਜ਼ਦ ਕਰ ਕੇ ਝੱਜਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਕੌਸ਼ਲ ਚੌਧਰੀ ਤੇ ਅਮਿਤ ਡਾਂਗਰ ਆਪਣੇ ਨੈੱਟਵਰਕ ਰਾਹੀਂ ਗ਼ੈਰ-ਕਾਨੂੰਨੀ ਵਸੂਲੀ ਦੀਆਂ ਗਤੀਵਿਧੀਆਂ ਚਲਾਉਂਦੇ ਰਹੇ। ਇਸ ਕਾਰਨ ਅਮਿਤ ਡਾਂਗਰ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਵੀਰਵਾਰ ਦੇਰ ਰਾਤ ਜਦੋਂ ਦਾਖਾ ਪੁਲਿਸ ਉਸ ਨੂੰ ਜਗਰਾਓਂ ਤੋਂ ਮੁੱਲਾਂਪੁਰ ਦਾਖਾ ਲਿਆ ਰਹੀ ਸੀ ਤਾਂ ਰਾਤ ਕਰੀਬ ਸਾਢੇ ਦਸ ਵਜੇ ਪੁਲਿਸ ਵਾਹਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ’ਚ ਅਮਿਤ ਡਾਂਗਰ ਦੀ ਲੱਤ ਟੁੱਟ ਗਈ ਤੇ ਚਾਰ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਅਮਿਤ ਡਾਗਰ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਲੁਧਿਆਣਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਜੇਲ੍ਹ ਭੇਜ ਦਿੱਤਾ ਗਿਆ।