ਸਾਬਕਾ ਕਬੱਡੀ ਖਿਡਾਰੀ ਦੇ ਕਾਤਲਾਂ ਨੂੰ ਲੁਕਾਉਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਜਾਂਚ 'ਚ ਹੋ ਸਕਦੇ ਨੇ ਵੱਡੇ ਖੁਲਾਸੇ
ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ ਬਾਊਂਸਰ ਤੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਨੂੰ ਕਤਲ ਕਰਨ ਵਾਲਿਆਂ ਨੂੰ ਪਨਾਹ ਦੇਣ ਵਾਲੇ ਬੱਧਣੀ ਕਲਾਂ ਦੇ ਇੱਕ ਹੋਰ ਨੌਜਵਾਨ ਨੂੰ ਥਾਣਾ ਹਠੂਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਉਕਤ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਘਰ ਠਹਿਰਾਇਆ ਸੀ।
Publish Date: Sat, 17 Jan 2026 12:04 PM (IST)
Updated Date: Sat, 17 Jan 2026 12:06 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ ਬਾਊਂਸਰ ਤੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਨੂੰ ਕਤਲ ਕਰਨ ਵਾਲਿਆਂ ਨੂੰ ਪਨਾਹ ਦੇਣ ਵਾਲੇ ਬੱਧਣੀ ਕਲਾਂ ਦੇ ਇੱਕ ਹੋਰ ਨੌਜਵਾਨ ਨੂੰ ਥਾਣਾ ਹਠੂਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਉਕਤ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਘਰ ਠਹਿਰਾਇਆ ਸੀ।
ਜ਼ਿਕਰਯੋਗ ਹੈ ਕਿ ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ ਬੀਤੀ 5 ਜਨਵਰੀ ਨੂੰ ਆਪਣੇ ਕਬੱਡੀ ਖਿਡਾਰੀ ਸਾਥੀ ਏਕਮ ਸਿੰਘ ਨਾਲ ਗਰਾਊਂਡ ਜਾ ਰਹੇ ਬਾਊਂਸਰ ਗਗਨਦੀਪ ਸਿੰਘ ਨੂੰ ਉਨ੍ਹਾਂ ਦੇ ਵਿਰੋਧੀ ਗੁੱਟ ਨੇ ਘੇਰਦਿਆਂ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਦੀ ਇੱਕ ਗੋਲੀ ਗਗਨਦੀਪ ਸਿੰਘ ਦੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਇਸ ਕਤਲ ’ਚ ਚਾਰ ਮੁੱਖ ਮੁਜਰਮਾਂ ਸਮੇਤ ਸਾਥ ਤੇ ਪਨਾਹ ਦੇਣ ਵਾਲੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚ ਇੱਕ ਔਰਤ ਵੀ ਸ਼ਾਮਿਲ ਹੈ। ਇਸ ਮਾਮਲੇ ’ਚ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਸਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੱਧਣੀ ਕਲਾਂ ਮੋਗਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਕੋਲ ਕਤਲ ਕਰਨ ਵਾਲੇ ਵਾਰਦਾਤ ਨੂੰ ਅੰਜਾਮ ਦੇ ਕੇ ਉਸ ਦੇ ਘਰ ਆਏ ਸਨ, ਜਿੱਥੋਂ ਰਣਨੀਤੀ ਬਣਾ ਕੇ ਫ਼ਰਾਰ ਹੋਏ ਸਨ। ਇਸ ਕਤਲ ਦੀ ਜਾਂਚ ’ਚ ਲੱਗੀ ਟੀਮ ਨੇ ਕਾਲ ਡਿਟੇਲ ਖੰਗਾਲਦਿਆਂ ਜਸਵੰਤ ਸਿੰਘ ਦੀ ਭੂਮਿਕਾ ਸਾਹਮਣੇ ਆਉਣ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ। ਜਸਵੰਤ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਕੁਲਦੀਪ ਕੁਮਾਰ ਨੇ ਦੱਸਿਆ ਉਕਤ ਨੂੰ ਅਦਾਲਤ ਪੇਸ਼ ਕਰਕੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।