ਪੁਲਿਸ ਦੀ ਨਵੇਂ ਸਾਲ ਵਿੱਚ ਨਸ਼ਾ ਤਸਕਰਾਂ ’ਤੇ ਸਖਤੀ
ਪੁਲਿਸ ਦੀ ਨਵੇਂ ਸਾਲ ਵਿੱਚ ਨਸ਼ਾ ਤਸਕਰਾਂ ’ਤੇ ਸਖਤੀ
Publish Date: Fri, 02 Jan 2026 09:23 PM (IST)
Updated Date: Fri, 02 Jan 2026 09:26 PM (IST)

-ਵੱਖ-ਵੱਖ ਮਾਮਲਿਆਂ ਵਿੱਚ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਣੇ ਮੁਲਜ਼ਮ ਗ੍ਰਿਫ਼ਤਾਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਨਵੇਂ ਸਾਲ ਦੀ ਆਮਦ ਵਿੱਚ ਪਹਿਲੇ ਹੀ ਦਿਨ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਐਕਸ਼ਨ ਲੈਣ ਦਾ ਇਸ਼ਾਰਾ ਦਿੱਤਾ ਗਿਆ ਹੈ। ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਈ ਨਸ਼ਾ ਸਮਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮੁਲਜ਼ਮ ਰਾਹੁਲ ਕੁਮਾਰ ਕਾਲੂ ਅਤੇ ਰਜੀਵ ਕੁਮਾਰ ਚਿੰਟੂ ਵਾਸੀ ਮੁਹੱਲਾ ਧਰਮਪੁਰਾ ਨੂੰ ਗ੍ਰਿਫ਼ਤਾਰ ਕੀਤਾ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਮੁਤਾਬਕ ਕਸ਼ਮੀਰ ਨਗਰ ਦੇ ਨਜ਼ਦੀਕ ਸ਼ਮਸ਼ਾਨ ਘਾਟ ਕੋਣ ਗਸ਼ਤ ਦੌਰਾਨ ਪੁਲਿਸ ਪਾਰਟੀ ਨੂੰ ਜਮਸ਼ਾਨ ਘਾਟ ਦੇ ਦੀਵਾਰ ਕੋਲ ਲੁੱਕ ਕੇ ਨਸ਼ਾ ਕਰ ਰਹੇ ਮੁਲਜਮ ਵਿਖਾਈ ਦਿੱਤੇ। ਪੁਲਿਸ ਨੇ ਮੌਕੇ ’ਤੇ ਕਾਰਵਾਈ ਕਰਦੇ ਹੋਏ ਰਾਹੁਲ ਅਤੇ ਰਾਜੀਵ ਕੁਮਾਰ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਸ਼ੁਰੂਆਤੀ ਪੜਤਾਲ ਦੌਰਾਨ ਉਹਨਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਨਾਲ ਲਿਬੜੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਕੀਤਾ ਹੈ।। ਦੂਜੇ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਨੇ ਨਿਊ ਟੈਗੋਰ ਨਗਰ ਜੱਸੀਆਂ ਰੋਡ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਤੁਸ਼ਾਰ ਛੋਰੀ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਦਰਸ਼ਨ ਕੁਮਾਰ ਮੁਤਾਬਕ ਸਥਾਨਕ ਬੱਲੋਕੀ ਰੋਡ ਸ਼ਮਸ਼ਾਨ ਘਾਟ ਦੇ ਨਜਦੀਕ ਗਸ਼ਤ ਦੌਰਾਨ ਪੁਲਿਸ ਨੂੰ ਪਿੰਡ ਬਲੋਕੀ ਵੱਲੋਂ ਇੱਕ ਸ਼ੱਕੀ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ। ਉਕਤ ਸ਼ੱਕੀ ਵਿਅਕਤੀ ਨੂੰ ਰੋਕ ਕੇ ਪੁੱਛ ਗਿੱਛ ਕੀਤੀ ਗਈ, ਤਾਂ ਉਸ ਦੇ ਕਬਜ਼ੇ ਵਿੱਚੋਂ 15 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੀਆਂ ਇਹ ਨਸ਼ੀਲੀਆਂ ਗੋਲੀਆਂ ਪ੍ਰਾਪਤ ਕਰਨ ਦੇ ਸਰੋਤਾਂ ਬਾਰੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਤੀਜੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਨੇ ਕਮਲਾ ਨਗਰ ਦੇ ਰਹਿਣ ਵਾਲੇ ਮੁਲਜਮ ਸਾਜਨ ਕੁਮਾਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਰਣਜੀਤ ਸਿੰਘ ਮੁਤਾਬਕ ਸਥਾਨਕ ਧੂਰੀ ਲਾਈਨ ਦੇ ਨਜ਼ਦੀਕ ਆਤਮ ਪਾਰਕ ਕੋਲ ਗਸ਼ਤ ਦੌਰਾਨ ਪੁਲਿਸ ਨੇ ਗੁਪਤ ਰੂਪ ਨਾਲ ਮਿਲੀ ਜਾਣਕਾਰੀ ਦੇ ਆਧਾਰ ’ਤੇ ਮੁਲਜਮ ਸਾਜਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸਾਜਨ ਕੁਮਾਰ ਆਪਣੇ ਕਿਸੇ ਗਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਮੁਲਜਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ 3.4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਨਸ਼ਾ ਖੋਰੀ ਖਿਲਾਫ਼ ਇੱਕ ਹੋਰ ਕਾਰਵਾਈ ਦੌਰਾਨ ਥਾਣਾ ਮਿਹਰਬਾਨ ਪੁਲਿਸ ਨੇ ਪਿੰਡ ਮੰਗਲੀ ਖਾਸ ਦੇ ਰਹਿਣ ਵਾਲੇ ਮੋਹਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਸਹਾਇਕ ਥਾਣੇਦਾਰ ਅਜੀਤ ਪਾਲ ਸਿੰਘ ਮੁਤਾਬਕ ਮੁਲਜਮ ਮੱਤੇਵਾੜਾ ਚੌਂਕ ਤੋਂ ਜੰਗਲ ਦੇ ਨਾਲ ਲੱਗਦੀ ਪੀਰ ਦੀ ਦਰਗਾਹ ਵਾਲੇ ਰਸਤੇ ਕੋਲ ਲੁਕ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਜਦੋਂ ਪੁਲਿਸ ਨੇ ਮੌਕੇ ’ਤੇ ਕਾਰਵਾਈ ਕੀਤੀ , ਤਾਂ ਉਸਦੇ ਕਬਜ਼ੇ ਵਿੱਚੋਂ ਹੈਰੋਇਨ ਨਾਲ ਲਿਬੜੀ ਸਿਲਵਰ ਪੰਨੀ, ਇੱਕ ਲੈਟਰ ਅਤੇ 10 ਰੁਪਏ ਦਾ ਸੜਿਆ ਹੋਇਆ ਨੋਟ ਬਰਾਮਦ ਹੋਇਆ ਹੈ। ਨਸ਼ਾ ਤਸਕਰੀ ਖਿਲਾਫ ਅਗਲੀ ਕਾਰਵਾਈ ਦੌਰਾਨ ਥਾਣਾ ਟਿੱਬਾ ਪੁਲਿਸ ਨੇ ਹੈਰੋਇਨ ਸਮੇਤ ਇੱਕ ਕਥਿਤ ਨਸ਼ਾ ਸਮਗਲਰ ਨੂੰ ਗ੍ਰਿ਼ਫ਼ਤਾਰ ਕੀਤਾ ਹੈ। ਇਸ ਮਾਮਲੇ ਤੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜੀਵਨ ਸਿੰਘ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜਮ ਦੀ ਪਛਾਣ ਮੁਹੱਲਾ ਨਾਮਦੇਵ ਕਲੋਨੀ ਦੇ ਰਹਿਣ ਵਾਲੇ ਸਿਮਰਨ ਸਿੰਘ ਉਰਫ ਚੀਨਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗੁਪਤ ਰੂਪ ਨਾਲ ਜਾਣਕਾਰੀ ਮਿਲੇ ਸੀ ਕਿ ਮੁਲਜਮ ਸਿਮਰਨ ਸਿੰਘ ਪ੍ਰਾਚੀਨ ਗਊਸ਼ਾਲਾ ਟਿੱਬਾ ਰੋਡ ਦੀ ਇੱਕ ਗਲੀ ਵਿੱਚ ਖੜਾ ਆਪਣੇ ਕਿਸੇ ਕਰਾਹਕ ਦਾ ਇੰਤਜ਼ਾਰ ਕਰ ਰਿਹਾ ਹੈ ਇਸ ਜਾਣਕਾਰੀ ਦੇ ਅਧਰ ਤੇ ਪੁਲਿਸ ਨੇ ਮੌਕੇ ਤੇ ਰੇਡ ਕਰਕੇ ਮੁਲਜਮ ਨੂੰ ਹਿਰਾਸਤ ਵਿੱਚ ਚੱਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਸ਼ੁਰੂਆਤੀ ਪੜਤਾਲ ਦੌਰਾਨ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੂੰ ਆਸ ਹੈ ਕਿ ਮੁਲਜਮਾਂ ਕੋਲੋਂ ਵਧੇਰੇ ਪੁੱਛ ਗਿੱਛ ਦੌਰਾਨ ਉਹਨਾਂ ਦੇ ਨਸ਼ਾ ਤਸਕਰੀ ਦੇ ਰੈਕਟ ਨਾਲ ਜੁੜੇ ਹੋਰ ਮੁਲਜਮਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।