ਲੁਧਿਆਣਾ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਵੱਡਾ ‘ਕਾਸੋ ’ ਆਪ੍ਰੇਸ਼ਨ, 19 ਮੁਲਜ਼ਮ ਕਾਬੂ, ਹੈਰੋਇਨ ਤੇ ਡਰੱਗ ਮਨੀ ਬਰਾਮਦ
ਸ਼ਹਿਰ ਵਿੱਚ ਵੱਧ ਰਹੀ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਅਤੇ ਸੁਚੱਜੀ ਰਣਨੀਤੀ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਾਰਡਨ ਐਂਡ ਸਰਚ ਆਪ੍ਰੇਸ਼ਨ (ਕਾਸੋ ) ਚਲਾਇਆ। ਇਹ ਕਾਰਵਾਈ ਨਾ ਸਿਰਫ਼ ਕਾਨੂੰਨ ਦੀ ਪਾਲਣਾ ਨੂੰ ਮਜ਼ਬੂਤ ਕਰਨ ਲਈ ਸੀ, ਸਗੋਂ ਨਸ਼ਾ ਤਸਕਰਾਂ ਨੂੰ ਸਖ਼ਤ ਸੰਦੇਸ਼ ਦੇਣ ਲਈ ਵੀ ਇਕ ਅਹਿਮ ਕਦਮ ਮੰਨੀ ਜਾ ਰਹੀ ਹੈ।
Publish Date: Tue, 07 Apr 2026 12:03 PM (IST)
Updated Date: Tue, 07 Apr 2026 12:11 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸ਼ਹਿਰ ਵਿੱਚ ਵੱਧ ਰਹੀ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਅਤੇ ਸੁਚੱਜੀ ਰਣਨੀਤੀ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਾਰਡਨ ਐਂਡ ਸਰਚ ਆਪ੍ਰੇਸ਼ਨ (ਕਾਸੋ ) ਚਲਾਇਆ। ਇਹ ਕਾਰਵਾਈ ਨਾ ਸਿਰਫ਼ ਕਾਨੂੰਨ ਦੀ ਪਾਲਣਾ ਨੂੰ ਮਜ਼ਬੂਤ ਕਰਨ ਲਈ ਸੀ, ਸਗੋਂ ਨਸ਼ਾ ਤਸਕਰਾਂ ਨੂੰ ਸਖ਼ਤ ਸੰਦੇਸ਼ ਦੇਣ ਲਈ ਵੀ ਇਕ ਅਹਿਮ ਕਦਮ ਮੰਨੀ ਜਾ ਰਹੀ ਹੈ।
ਪੁਲਿਸ ਵੱਲੋਂ ਇਹ ਵੱਡਾ ਆਪ੍ਰੇਸ਼ਨ ਖਾਸ ਤੌਰ ’ਤੇ ਚਾਰ ਮਿਉਂਸਪਲ ਵਾਰਡਾਂ ਦੇ ਕਲੱਸਟਰ ਵਿੱਚ ਕੀਤਾ ਗਿਆ, ਜਿਨ੍ਹਾਂ ਵਿੱਚ ਹਿੰਮਤ ਸਿੰਘ ਨਗਰ, ਡਾ. ਅੰਬੇਡਕਰ ਨਗਰ, ਮਨੋਹਰ ਨਗਰ ਅਤੇ ਜਵਾਹਰ ਨਗਰ ਵਰਗੇ ਇਲਾਕੇ ਸ਼ਾਮਲ ਸਨ। ਇਨ੍ਹਾਂ ਖੇਤਰਾਂ ਨੂੰ ਉੱਚ-ਸੰਵੇਦਨਸ਼ੀਲ ਮੰਨਦਿਆਂ ਨਿਸ਼ਾਨਾ ਬਣਾਇਆ ਗਿਆ। ਲਗਪਗ 200 ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਟਾਸਕ ਫੋਰਸ ਨੇ ਇਸ ਆਪ੍ਰੇਸ਼ਨ ਵਿੱਚ ਭਾਗ ਲਿਆ।
ਡੀਸੀਪੀ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ, ਜਦਕਿ ਏਡੀਸੀਪੀ ਅਤੇ ਏਸੀਪੀ ਦਰਜੇ ਦੇ 9 ਗਜ਼ਟਿਡ ਅਧਿਕਾਰੀਆਂ ਨੇ ਇਸਦੀ ਨਿਗਰਾਨੀ ਕੀਤੀ। ਵੱਖ-ਵੱਖ ਥਾਣਿਆਂ ਦੇ 16 ਐੱਸਐੱਚਓਜ਼, ਕ੍ਰਾਈਮ ਵਿੰਗ ਅਤੇ ਫੀਲਡ ਫੋਰਸ ਵੀ ਇਸ ਮੁਹਿੰਮ ਵਿੱਚ ਸਰਗਰਮ ਰਹੇ।
ਮੰਗਲਵਾਰ ਤੜਕੇ ਕੀਤੀ ਗਈ ਕਾਰਵਾਈ
ਪੁਲਿਸ ਵੱਲੋਂ ਸਵੇਰੇ 5 ਵਜੇ ਹੀ ਸਾਰੇ ਨਿਸ਼ਾਨਾ ਬਣਾਏ ਇਲਾਕਿਆਂ ਦੇ ਦਾਖ਼ਲਾ ਅਤੇ ਨਿਕਾਸ ਪੌਇੰਟਾਂ ’ਤੇ ਕੜੀ ਨਾਕਾਬੰਦੀ ਕਰ ਦਿੱਤੀ ਗਈ, ਤਾਂ ਜੋ ਕੋਈ ਵੀ ਸ਼ੱਕੀ ਤੱਤ ਫਰਾਰ ਨਾ ਹੋ ਸਕੇ। ਇਸ ਤੋਂ ਬਾਅਦ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਘਰਾਂ ਅਤੇ ਹੋਰ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਵੱਡੀ ਕਾਰਵਾਈ ਦੌਰਾਨ ਪੁਲਿਸ ਨੇ 19 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਮੁਲਜ਼ਮਾਂ ਕੋਲੋਂ 159 ਗ੍ਰਾਮ ਹੈਰੋਇਨ, 2 ਕਿਲੋ ਗਾਂਜਾ, 72 ਬੋਤਲਾਂ ਸ਼ਰਾਬ, 75 ਨਸ਼ੀਲੀਆਂ ਗੋਲੀਆਂ, 1 ਲੱਖ 37 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ। ਇਸਦੇ ਨਾਲ ਹੀ 4 ਹੋਰ ਵਿਅਕਤੀਆਂ ਖ਼ਿਲਾਫ਼ ਨਿਰੋਧਕ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ।
ਕਿਸੇ ਵੀ ਹਾਲਤ ਵਿੱਚ ਨਸ਼ਿਆਂ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਪੁਲਿਸ ਦੀ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਮਕਸਦ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨਾ ਅਤੇ ਆਮ ਲੋਕਾਂ ਲਈ ਸੁਰੱਖਿਅਤ ਮਾਹੌਲ ਤਿਆਰ ਕਰਨਾ ਹੈ।
ਉਨ੍ਹਾਂ ਹੋਰ ਵੀ ਕਿਹਾ ਕਿ ‘ਕਾਸੋ’ ਵਰਗੇ ਆਪ੍ਰੇਸ਼ਨ ਸਿਰਫ਼ ਕਾਰਵਾਈ ਨਹੀਂ, ਸਗੋਂ ਇੱਕ ਚਿਤਾਵਨੀ ਹਨ ਕਿ ਲੁਧਿਆਣਾ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਛੱਡੀ ਜਾਵੇਗੀ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ।
ਲੁਧਿਆਣਾ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।