ਨਜਾਇਜ ਪਟਾਕਾ ਫੈਕਟਰੀ ਚਲਾਉਣ ਵਾਲੇ ਦੋਵੇਂ ਭਰਾ ਪੁਲਿਸ ਵੱਲੋਂ ਗ੍ਰਿਫ਼ਤਾਰ
ਨਜਾਇਜ ਪਟਾਕਾ ਫੈਕਟਰੀ ਚਲਾਉਣ ਵਾਲੇ ਦੋਵੇਂ ਭਰਾ ਪੁਲਿਸ ਵੱਲੋਂ ਗ੍ਰਿਫ਼ਤਾਰ
Publish Date: Wed, 01 Apr 2026 09:06 PM (IST)
Updated Date: Wed, 01 Apr 2026 09:10 PM (IST)

-ਲੇਬਰ ਦਾ ਕੰਮ ਕਰਵਾਉਣ ਲਈ ਲਿਆਂਦੇ ਮਜ਼ਦੂਰਾਂ ਤੋਂ ਬਣਵਾਉਂਦੇ ਸਨ ਪਟਾਕੇ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜੋਧਾਂ ਪੁਲਿਸ ਨੇ ਪਿੰਡ ਦੇ ਖੇਤਾਂ ਵਿਚ ਇੱਕ ਕਿਰਾਏ ਦੇ ਘਰ ਵਿਚ ਨਾਜਾਇਜ਼ ਪਟਾਕਾ ਫੈਕਟਰੀ ਸਥਾਪਿਤ ਕਰਨ ਵਾਲੇ ਭਰਾਵਾਂ ਸਾਜਿਦ ਤੇ ਵਾਜਿਦ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਮੁਜ਼ੱਫਰ ਨਗਰ ਤੋਂ ਮਜ਼ਦੂਰਾਂ ਨੂੰ ਲੇਬਰ ਦਾ ਕੰਮ ਕਰਵਾਉਣ ਲਈ ਕਹਿ ਕੇ ਲਿਆਏ ਸਨ ਤੇ ਇਥੇ ਆ ਕੇ ਆਪਣੀ ਨਾਜਾਇਜ਼ ਪਟਾਕਾ ਫੈਕਟਰੀ ਵਿਚ ਪਟਾਕੇ ਬਣਵਾਉਣ ਲੱਗ ਪਏ। ਬੁੱਧਵਾਰ ਨੂੰ ਮੁੱਲਾਂਪੁਰ ਦਾਖਾ ਸਬ ਡਵੀਜ਼ਨ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਫੈਕਟਰੀ ਵਿਚ ਧਮਾਕੇ ਦੀ ਘਟਨਾ ਤੋਂ ਬਾਅਦ ਥਾਣਾ ਜੋਧਾਂ ਦੇ ਮੁਖੀ ਸਾਹਿਬਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਜ਼ੱਫਰਨਗਰ ਦੇ ਰਹਿਣ ਵਾਲੇ ਦੋ ਭਰਾ ਸਾਜਿਦ ਅਤੇ ਵਾਜਿਦ ਪੁੱਤਰ ਅਲਾਹੂ ਦੀਨ ਨੇ ਖੇਤਾਂ ਵਿਚ ਬਣੇ ਇੱਕ ਘਰ ਨੂੰ ਕਿਰਾਏ ਤੇ ਲੈ ਕੇ ਨਾਜਾਇਜ਼ ਪਟਾਕਾ ਫੈਕਟਰੀ ਖੜ੍ਹੀ ਕੀਤੀ ਸੀ, ਜਿਸ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇੱਕ 19 ਸਾਲਾ ਨੌਜਵਾਨ ਦੀ ਮੌਤ ਵੀ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਭਰਾਵਾਂ ਖ਼ਿਲਾਫ਼ ਐਕਸਪਲੋਸਿਵ ਐਕਟ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐੱਸਪੀ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਸ ਘਰ ਵਿਚ ਫੈਕਟਰੀ ਬਣੀ ਹੈ, ਉਸ ਦੇ ਮਾਲਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੈਕਟਰੀ ਵਿਚ ਪਈ ਪਟਾਸ ਅਤੇ ਹੋਰ ਵਿਸਫੋਟਕ ਪਦਾਰਥਾਂ ਨੂੰ ਨਸ਼ਟ ਕਰਨ ਲਈ ਫੌਜ ਅਤੇ ਪੁਲਿਸ ਦੀ ਸਾਂਝੀ ਟੀਮ ਵਿਚ ਜੁਟੀ ਹੋਈ ਹੈ।