ਖ਼ੁਦ ਨੂੰ ਕੁਆਰਾ ਦੱਸ ਕੇ ਵਿਆਹ ਕਰਾਇਆ ਤੇ ਲੱਖਾਂ ਠੱਗੇ, ਕੇਸ ਦਰਜ
ਖੁੱਦ ਨੂੰ ਕੁਵਾਰਾ ਦੱਸ ਧੋਖੇ ਨਾਲ ਵਿਆਹ ਰਚਾਕੇ ਲੱਖਾਂ ਰੁਪਏ ਹੜੱਪਣ ਵਾਲੇ ਦੀ ਪੁਲਿਸ ਕਰ ਰਹੀ ਸਰਗਰਮੀ ਨਾਲ ਭਾਲ
Publish Date: Mon, 02 Mar 2026 09:39 PM (IST)
Updated Date: Mon, 02 Mar 2026 09:40 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਨੂਰਾਂਵਾਲਾ ਰੋਡ ਇਲਾਕੇ ਦੀ ਰਹਿਣ ਵਾਲੀ ਔਰਤ ਨਾਲ ਪਹਿਲਾਂ ਤੋਂ ਹੀ ਵਿਆਹੇ ਵਿਅਕਤੀ ਨੇ ਖ਼ੁਦ ਨੂੰ ਕੁਆਰਾ ਦੱਸ ਕੇ ਧੋਖੇ ਨਾਲ ਵਿਆਹ ਕਰਵਾਇਆ ਅਤੇ ਵਿਸ਼ਵਾਸ ਹਾਸਲ ਕਰਨ ਮਗਰੋਂ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਹੜੱਪ ਕੇ ਗਾਇਬ ਹੋ ਗਿਆ। ਮੁਲਜ਼ਮ ਖਿਲਾਫ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਕੇਸ ਦਰਜ ਕਰ ਕੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਉਸ ਨੂੰ ਲਗਾਤਾਰ ਤਿੰਨ ਸਾਲ ਝਾਂਸੇ ’ਚ ਲੈ ਕੇ ਆਪਣਾ ਸ਼ਿਕਾਰ ਬਣਾਇਆ। ਮੁਲਜ਼ਮ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਪੀੜਤਾ ਦੇ ਪਹਿਲੇ ਘਰਵਾਲੇ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਮਗਰੋਂ ਉਹ ਆਪਣੇ ਬੱਚਿਆਂ ਨਾਲ ਲੁਧਿਆਣਾ ਆ ਕੇ ਰਹਿਣ ਲੱਗੀ। ਸਾਲ 2023 ਵਿੱਚ ਉਸ ਦੀ ਮੁਲਾਕਾਤ ਮੁਜ਼ੱਫਰ ਨਗਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪਰਹਿਤ ਕੁਮਾਰ ਸਿੰਘਲ ਨਾਲ ਹੋਈ। ਕਿਸੇ ਪਰਿਵਾਰਕ ਪ੍ਰੋਗਰਾਮ ਵਿੱਚ ਮਿਲੇ ਪਰਹਿਤ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਦੋਸਤੀ ਕਰ ਲਈ। 2023 ਵਿੱਚ ਉਨ੍ਹਾਂ ਇੱਕ ਮੰਦਿਰ ਵਿੱਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਸ ਨੂੰ ਝੂਠ ਅਤੇ ਸਾਜਿਸ਼ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ। ਕਾਰੋਬਾਰ ਵਿੱਚ ਘਾਟੇ ਦਾ ਹਵਾਲਾ ਦੇ ਕੇ ਠੱਗੇ ਲੱਖਾਂ ਰੁਪਏ ਪੀੜਤਾ ਮੁਤਾਬਕ ਵਿਆਹ ਮਗਰੋਂ ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕਾਰੋਬਾਰ ਵਿੱਚ ਕਾਫੀ ਘਾਟਾ ਪੈ ਗਿਆ ਹੈ। ਘਾਟੇ ਕਾਰਨ ਉਸ ਦੇ ਸਿਰ ’ਤੇ ਕਾਫੀ ਕਰਜ਼ਾ ਹੋ ਚੁੱਕਾ ਹੈ ਅਤੇ ਹੁਣ ਉਸ ਨੂੰ ਨਵੇਂ ਸਿਰੇ ਤੋਂ ਕੋਈ ਹੋਰ ਕਾਰੋਬਾਰ ਕਰਨਾ ਪਵੇਗਾ। ਆਪਣੀਆਂ ਫਰਜ਼ੀ ਕਹਾਣੀਆਂ ਸੁਣਾ ਕੇ ਉਸ ਨੇ 10 ਲੱਖ ਰੁਪਏ ਧੋਖੇ ਨਾਲ ਹੜੱਪ ਲਏ। ਇਹ ਪੈਸਾ ਹੜੱਪਣ ਦੇ ਬਾਵਜੂਦ ਮੁਲਜ਼ਮ ਉਸ ਕੋਲੋਂ ਝੂਠ ਸੱਚ ਬੋਲ ਕੇ ਸਮੇਂ ਸਮੇਂ ’ਤੇ ਪੈਸੇ ਠੱਗਦਾ ਰਿਹਾ। ਪੀੜਤਾ ਮੁਤਾਬਕ ਜਦੋਂ ਉਸ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਮੁਲਜ਼ਮ ਆਪਣੀ ਨੀਚਤਾ ਤੇ ਉੱਤਰ ਆਇਆ। ਮੁਲਜ਼ਮ ਨੇ ਉਸ ਨੂੰ ਨਸ਼ੀਲੀਆਂ ਦਵਾਈਆਂ ਦੇਣੀਆ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਇਤਰਾਜ਼ਯੋਗ ਹਾਲਤ ਵਿੱਚ ਕਈ ਤਸਵੀਰਾਂ ਅਤੇ ਵੀਡੀਓਜ਼ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਇਹ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪੈਸਾ ਮੰਗਦਾ ਅਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੰਦਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਮੁਤਾਬਕ ਪੀੜਤ ਔਰਤ ਦੇ ਬਿਆਨ ’ਤੇ ਮੁਲਜ਼ਮ ਖ਼ਿਲਾਫ਼ ਧੋਖਾਦੇਹੀ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।