ਸ਼ਾਇਰਾ ਦੀਪ ਲੁਧਿਆਣਵੀ ਨੇ ਮੁੱਖ ਮੰਤਰੀ ਨੂੰ ਭੇਟ ਕੀਤੀ ਪੁਸਤਕ ਤੇ ਕਵਿਤਾ
ਸ਼ਾਇਰਾ ਦੀਪ ਲੁਧਿਆਣਵੀ ਨੇ ਮੁੱਖ ਮੰਤਰੀ ਨੂੰ ਭੇਟ ਕੀਤੀ ਪੁਸਤਕ ’ਤੇ ਕਵਿਤਾ
Publish Date: Fri, 03 Apr 2026 06:22 PM (IST)
Updated Date: Fri, 03 Apr 2026 06:25 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ਼ਾਇਰਾ ਕੁਲਦੀਪ ਕੌਰ ਦੀਪ ਲੁਧਿਆਣਵੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਆਪਣੀ ਇਕ ਪੁਸਤਕ ਭੇਟ ਕੀਤੀ ਗਈ ਉੱਥੇ ਖਾਸ ਤੌਰ ’ਤੇ ਮਾਨ ਦੀ ਸ਼ਖਸੀਅਤ ਭਾਰੇ ਲਿਖੀ ਕਵਿਤਾ ਵੀ ਉਨ੍ਹਾਂ ਨੂੰ ਸੌਂਪੀ। ਇਸ ਮੌਕੇ ਦੀਪ ਲੁਧਿਆਣਵੀ ਨੇ ਆਪਣੇ ਰਚਨਾਤਮਕ ਅੰਦਾਜ਼ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਸੇਵਾ, ਨਿਮਰਤਾ ਅਤੇ ਲੋਕ-ਹਿੱਤਕਾਰੀ ਸੋਚ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾਇਆ। ਕਵਿਤਾ ਵਿੱਚ ਪੰਜਾਬ ਦੀ ਤਰੱਕੀ, ਨੌਜਵਾਨਾਂ ਦੀ ਉਮੀਦ ਅਤੇ ਸਾਫ-ਸੁਥਰੀ ਰਾਜਨੀਤੀ ਦੀ ਝਲਕ ਸਪਸ਼ਟ ਤੌਰ ‘ਤੇ ਨਜ਼ਰ ਆਈ। ਇਸ ਦੇ ਨਾਲ ਹੀ ਦੀਪ ਨੇ ਆਪਣੀਆਂ ਕਵਿਤਾਵਾਂ ਦੀ ਪੁਸਤਕ ਵਿਰਸੇ ਦੀ ਖੁਸ਼ਬੋ ਬਾਰੇ ਵੀ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਸ਼ਾਇਰਾ ਦੀਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਐਸੀਆਂ ਰਚਨਾਵਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਸਹੀ ਦਿਸ਼ਾ ਵੀ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਕਲਾ ਦੀ ਪ੍ਰਗਤੀ ਲਈ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਰਣਜੀਤ ਸਿੰਘ ਜੋਡੀਅਰ, ਪ੍ਰਭਨੂਰ ਕੌਰ ਅਤੇ ਇਲਾਕਾ ਵਾਸੀ ਵੀ ਹਾਜ਼ਰ ਸਨ, ਜਿਨ੍ਹਾਂ ਇਸ ਸਾਹਿਤਕ ਪੇਸ਼ਕਸ਼ ਦੀ ਬੜੀ ਸਰਾਹਨਾ ਕੀਤੀ। ਦੀਪ ਲੁਧਿਆਣਵੀ ਨੇ ਭਾਵੁਕ ਹੁੰਦਿਆਂ ਹੋਇਆ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦੇ ਅਜਿਹੇ ਯਾਦਗਾਰੀ ਪਲ ਹੋ ਨਿਬੜੇ ਜਿੰਨ੍ਹਾਂ ਨੂੰ ਉਹ ਕਦੇ ਵੀ ਨਹੀਂ ਭੁੱਲ ਸਕਦੀ।