ਵਾਤਾਵਰਣ ਨੂੰ ਸੰਭਾਲਣ ਦੀ ਮੁਹਿੰਮ ਅੱਗੇ ਵਧਾਉਣ ਦਾ ਪ੍ਰਣ
ਵਾਤਾਵਰਣ ਨੂੰ ਸੰਭਾਲਣ ਦੀ ਮੁਹਿੰਮ ਅੱਗੇ ਵਧਾਉਣ ਦਾ ਪ੍ਰਣ
Publish Date: Fri, 05 Jun 2026 07:16 PM (IST)
Updated Date: Sat, 06 Jun 2026 04:08 AM (IST)

ਪੀਏਯੂ ਨੇ ਵਾਤਾਵਰਣ ਪੱਖੀ ਖੇਤੀ ਦੇ ਸੁਨੇਹੇ ਨਾਲ ਵਿਸ਼ਵ ਵਾਤਾਵਰਣ ਦਿਹਾੜਾ ਮਨਾਇਆ ਕੈਂਪਸ ’ਚ 1,000 ਹੋਰ ਰੁੱਖ ਲਾਉਣ ਦੀ ਯੋਜਨਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਸ਼ੁੱਕਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀਏਯੂ ਨੇ ਵਾਤਾਵਰਣ ਪੱਖੀ ਖੇਤੀ ਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਦੇਣ ਦਾ ਯਤਨ ਕੀਤਾ। ਇਸ ਦੌਰਾਨ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਕਰਮਚਾਰੀਆਂ ਨੇ ਕੈਂਪਸ ’ਚ ਪੌਦੇ ਲਾਉਣ ਦੇ ਨਾਲ ਨਾਲ ਵਾਤਾਵਰਣ ਨੂੰ ਸੰਭਾਲਣ ਦੀ ਮੁਹਿੰਮ ਅਗਾਂਹ ਤੋਰਨ ਦਾ ਪ੍ਰਣ ਵੀ ਕੀਤਾ। ਇਸ ਸਮਾਰੋਹ ਦਾ ਉਦੇਸ਼ ਯੂਨੀਵਰਸਿਟੀ ਭਾਈਚਾਰੇ ’ਚ ਵਾਤਾਵਰਣ ਬਾਰੇ ਜਾਗਰੂਕਤਾ ਦਾ ਪਸਾਰ ਕਰਨਾ ਤੇ ਸਥਿਰ ਖੇਤੀ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯਾਦਗਾਰ ਵਜੋਂ ਨੀਲੇ ਗੁਲਮੋਹਰ ਦਾ ਪੌਦਾ ਲਾਇਆ। ਨਾਲ ਹੀ ਫੈਕਲਟੀ ਮੈਂਬਰਾਂ, ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਵਿਦਿਆਰਥੀਆਂ ਤੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੇ ਸਟਾਫ਼ ਨੇ ਨਿਰਧਾਰਤ ਥਾਵਾਂ ’ਤੇ ਪੌਦੇ ਲਾ ਕੇ ਹਰਿਆਲੀ ਨੂੰ ਵਧਾਉਣ ਦੇ ਯਤਨਾਂ ਨੂੰ ਅਗਾਂਹ ਤੋਰਿਆ। ਇਸ ਸਾਲ ਦੇ ਵਾਤਾਵਰਣ ਦਿਵਸ ਦਾ ਵਿਸ਼ਵੀ ਥੀਮ ਕੁਦਰਤ ਤੋਂ ਪ੍ਰੇਰਣਾ, ਸੁਰੱਖਿਅਤ ਭਵਿੱਖ ਲਈ ਨਿਰਧਾਰਤ ਕੀਤਾ ਗਿਆ ਹੈ। ਇਹ ਥੀਮ ਧਰਤੀ ਦੇ ਵਧਦੇ ਤਾਪਮਾਨ, ਪਿਘਲਦੇ ਗਲੇਸ਼ੀਅਰਾਂ, ਅਤਿ ਦੀਆਂ ਮੌਸਮੀ ਸਥਿਤੀਆਂ ਤੇ ਬਦਲਦੇ ਵਾਤਾਵਰਣ ਵੱਲ ਧਿਆਨ ਖਿੱਚਦਾ ਹੈ, ਨਾਲ ਹੀ ਇਸ ਨਾਲ ਸਮਾਜ ਨੂੰ ਵਾਤਾਵਰਣ ਸੰਭਾਲ ਲਈ ਸਮੂਹਿਕ ਕਾਰਵਾਈ ਲਈ ਉਤਸ਼ਾਹਿਤ ਕੀਤਾ ਗਿਆ ਹੈ। ਦਿਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਡਾ. ਸਤਿਬੀਰ ਸਿੰਘ ਗੋਸਲ ਨੇ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਸੰਭਾਲ ਨੂੰ ਕਦੇ-ਕਦਾਈਂ ਮੁਹਿੰਮ ਦੀ ਬਜਾਏ ਜਿਊਣ ਦਾ ਆਮ ਤਰੀਕਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀਆਂ ਦੀ ਵਾਤਾਵਰਣ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਘੜਨ ਤੇ ਉੱਭਰ ਰਹੀਆਂ ਵਾਤਾਵਰਣ ਚੁਣੌਤੀਆਂ ਲਈ ਹੱਲ ਪੈਦਾ ਕਰਨ ਬਾਰੇ ਮਹੱਤਵਪੂਰਨ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰੁੱਖ ਲਾਉਣਾ, ਜੈਵ ਭਿੰਨਤਾ ਦੀ ਸੰਭਾਲ ਤੇ ਸਥਿਰ ਸਰੋਤ ਪ੍ਰਬੰਧਨ ਪੀਏਯੂ ਦੇ ਭਵਿੱਖ ਬਾਰੇ ਦ੍ਰਿਸ਼ਟੀਕੋਣ ਦਾ ਅਭਿੰਨ ਅੰਗ ਹਨ। ਜਲਵਾਯੂ ਸੰਭਾਲ ’ਚ ਵਿਗਿਆਨਕ ਨਜ਼ਰੀਏ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਾ. ਰਿਸ਼ੀ ਇੰਦਰ ਸਿੰਘ ਗਿੱਲ, ਡੀਨ, ਬਾਗਬਾਨੀ ਤੇ ਜੰਗਲਾਤ ਕਾਲਜ ਨੇ ਕਿਹਾ ਕਿ ਹਰੀਆਂ ਥਾਵਾਂ ਦਾ ਵਿਸਥਾਰ ਕਰਨਾ ਤੇ ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨਾ ਜਲਵਾਯੂ ਤਬਦੀਲੀ ਪ੍ਰਤੀ ਸਭ ਤੋਂ ਪ੍ਰਭਾਵਸ਼ਾਲੀ ਹੁੰਗਾਰਿਆਂ ’ਚੋਂ ਇੱਕ ਹੈ। ਉਨ੍ਹਾਂ ਢੁੱਕਵੀਆਂ ਪ੍ਰਜਾਤੀਆਂ ਲਾਉਣ, ਕੁਦਰਤੀ ਸਰੋਤਾਂ ਦੀ ਸੰਭਾਲ ਤੇ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ ਪਹਿਲਕਦਮੀਆਂ ’ਚ ਸਮੂਹਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਜਸ਼ਨ ਪੀਏਯੂ ਦੇ ਚੱਲ ਰਹੇ ਕਲੀਨ ਐਂਡ ਗ੍ਰੀਨ ਕੈਂਪਸ ਮੁਹਿੰਮ ਦਾ ਹਿੱਸਾ ਸੀ, ਜੋ ਕਿ ਕੈਂਪਸ ਦੇ ਸੁੰਦਰੀਕਰਨ, ਰਹਿੰਦ-ਖੂੰਹਦ ਪ੍ਰਬੰਧਨ, ਜੈਵ ਵਿਭਿੰਨਤਾ ਸੰਭਾਲ ਤੇ ਵਾਤਾਵਰਣ ਜ਼ਿੰਮੇਵਾਰੀ ’ਤੇ ਕੇਂਦ੍ਰਿਤ ਇੱਕ ਪ੍ਰਮੁੱਖ ਪਹਿਲਕਦਮੀ ਹੈ। ਲੁਧਿਆਣਾ ਸ਼ਹਿਰ ਦੇ ਫੇਫੜਿਆਂ ਵਜੋਂ ਮਸ਼ਹੂਰ ਇਹ ਯੂਨੀਵਰਸਿਟੀ ਕੈਂਪਸ ਸਵੇਰ ਤੇ ਸ਼ਾਮ ਦੀ ਸੈਰ ਲਈ ਸੈਂਕੜੇ ਨਿਵਾਸੀਆਂ ਨੂੰ ਆਕਰਸ਼ਿਤ ਕਰਦਾ ਹੈ ਤੇ ਮਹੱਤਵਪੂਰਨ ਹਰਿਆਲੀ ਖਿੱਤੇ ਵਜੋਂ ਕੰਮ ਸਰਗਰਮ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਕੈਂਪਸ ’ਚ ਲੱਗਭਗ 2,500 ਰੁੱਖ ਲਾਏ ਗਏ ਸਨ। ਇਸ ਦੇ ਆਧਾਰ ਤੇ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਬਿਹਤਰ ਸਥਾਪਨਾ ਤੇ ਬਚਾਅ ਨੂੰ ਯਕੀਨੀ ਬਣਾਉਣ ਲਈ 1,000 ਹੋਰ ਰੁੱਖ ਲਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼, ਹਰਾ ਤੇ ਸਿਹਤਮੰਦ ਭਵਿੱਖ ਯਕੀਨੀ ਬਣਾਉਣ ਦੇ ਵਾਅਦੇ ਨਾਲ ਸਮਾਪਤ ਹੋਇਆ।