ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪੈਦਲ ਜਥਾ ਰਵਾਨਾ
ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਪੈਦਲ ਜੱਥਾ ਰਵਾਨਾ
Publish Date: Sat, 21 Mar 2026 06:43 PM (IST)
Updated Date: Sun, 22 Mar 2026 04:11 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਸ੍ਰੀ ਦੁਰਗਾ ਸ਼ਕਤੀ ਮੰਦਿਰ ਕਮੇਟੀ ਵੱਲੋਂ ਮਾਛੀਵਾੜਾ ਤੋਂ ਪੈਦਲ ਜਾਂਦਾ ਜਥਾ ਅੱਜ ਤੜਕੇ 2 ਵਜੇ ਮੰਦਿਰ ਤੋਂ ਮਾਤਾ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਅੱਜ 66ਵੀਂ ਸਲਾਨਾ ਪੈਦਲ ਯਾਤਰਾ ਲਈ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਤਰਾ ਇੰਚਾਰਜ਼ ਸ਼ਿਵਚਰਨ ਸ਼ਰਮਾ ਅਤੇ ਅਸ਼ੋਕ ਲੀਹਲ ਨੇ ਦੱਸਿਆ ਕਿ ਅੱਜ ਪੈਦਲ ਯਾਤਰਾ ਵਿਚ ਪੁਰਸ਼ਾਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਸਮੇਤ 2500 ਤੋਂ ਵੀ ਵੱਧ ਸ਼ਰਧਾਲੂ ਇੱਕ ਵੱਡੇ ਜੱਥੇ ਦੇ ਰੂਪ ਵਿਚ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਸ ਮੌਕੇ ਪ੍ਰਧਾਨ ਨੰਦ ਕਿਸ਼ੋਰ, ਉਪ ਪ੍ਰਧਾਨ ਰਜਿੰਦਰ ਵਰਮਾ, ਸੋਨੂੰ ਸੇਠੀ, ਰਾਜੇਸ਼ ਕਪੂਰ, ਉਮੇਸ਼ ਸੂਈ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਜੱਗੀ ਮਿੱਤਲ, ਮਦਨ ਲਾਲ ਬਿੱਟੂ ਆਦਿ ਵੀ ਮੌਜੂਦ ਸਨ। ਇਹ ਪੈਦਲ ਯਾਤਰਾ ਕਰ ਰਹੇ ਸ਼ਰਧਾਲੂਆਂ ਲਈ ਹੰਬੋਵਾਲ, ਰੋਡ ਮਾਜਰੀ, ਰਾਜੇਵਾਲ ਰਾਜਪੂਤਾਂ ਤੇ ਸਤਲੁਜ ਦਰਿਆ ਕਿਨਾਰੇ ਪਿੰਡਾਂ ਦੇ ਨਿਵਾਸੀਆਂ ਵੱਲੋਂ ਲੰਗਰ ਲਗਾਏ ਗਏ ਸਨ। ਸ਼ਰਧਾਲੂਆਂ ਦਾ ਇਹ ਜੱਥਾ ਅੱਜ ਪੈਦਲ ਯਾਤਰਾ ਕਰਦਾ ਹੋਇਆ ਸ਼ਾਮ ਨੂੰ ਪਿੰਡ ਥਾਣੇ ਦੇ ਪੱਤਣ ਪਹੁੰਚੇਗਾ ਜਿੱਥੇ ਰਾਤ ਨੂੰ ਅਰਾਮ ਕਰਨ ਤੋਂ ਬਾਅਦ ਸ਼ਰਧਾਲੂ ਆਪਣੀ ਅਗਲੀ ਯਾਤਰਾ ਸ਼ੁਰੂ ਕਰਨਗੇ। 22 ਮਾਰਚ ਦੀ ਸ਼ਾਮ ਨੂੰ ਸ਼ਰਧਾਲੂ ਨੈਣਾ ਦੇਵੀ ਮੰਦਿਰ ਵਿਖੇ ਪਹੁੰਚ ਜਾਣਗੇ ਜਿੱਥੇ ਰਾਤ ਨੂੰ ਮਾਤਾ ਦੇ ਦਰਬਾਰ ਵਿਚ ਚੌਂਕੀ ਲਗਾਈ ਜਾਵੇਗੀ ਅਤੇ 23 ਮਾਰਚ ਨੂੰ ਸਵੇਰੇ 8 ਵਜੇ ਸ਼ਰਧਾਲੂ ਮਾਤਾ ਨੈਣਾ ਦੇਵੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕਰਨ ਉਪਰੰਤ ਮਾਤਾ ਦੇ ਭਵਨ ਤੇ ਝੰਡਾ ਝੜਾਉਣਗੇ। ਅੱਜ ਸਤਲੁਜ ਦਰਿਆ ਲੰਘਣ ਮੌਕੇ ਪੁਲਸ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਮੌਕੇ ਥਾਣਾ ਮੁਖੀ ਪਵਿੱਤਰ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ ਵੀ ਮੌਕੇ ’ਤੇ ਮੌਜੂਦ ਰਹੇ।