- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰ ਕੇ ਸੁੱਟਿਆ ਪਿਆ ਚੁੱਕ ਲਓ ਜਾ ਕੇ

-
ਸੰਜੀਵ ਗੁਪਤਾ, ਪੰਜਾਬੀ ਜਾਗਰਣ,
ਜਗਰਾਓਂ : ਜਗਰਾਓਂ ਦੇ ਪਿੰਡ ਮਾਣੂੰਕੇ ਵਿਖੇ ਬਾਊਂਸਰ ਗਗਨਦੀਪ ਸਿੰਘ ਬਾਬਾ ਨੂੰ ਗੋਲੀ ਮਾਰ ਕੇ ਭੱਜਣ ਵਾਲੇ ਉਸ ਦੇ ਘਰ ਅੱਗੇ ਇਕੱਠੇ ਹੋਏ ਪਰਿਵਾਰ ਨੂੰ ਫ਼ਿਲਮਾਂ ਵਾਂਗ ਲਲਕਾਰ ਕੇ ਗਏ। ਉਨ੍ਹਾਂ ਭੱਜਦਿਆਂ ਕਿਹਾ ਕਿ ਮਾਰ ਕੇ ਸੁੱਟਿਆ ਪਿਆ ਚੁੱਕ ਲਓ ਜਾ ਕੇ । ਇਹ ਦਰਦ ਜਗਰਾਓਂ ਸਿਵਲ ਹਸਪਤਾਲ ਵਿਖੇ ਵਿਰਲਾਪ ਕਰ ਰਹੀ ਬਾਊਂਸਰ ਦੀ ਪਤਨੀ ਲਵਦੀਪ ਕੌਰ ਨੇ ਪੁਲਿਸ ਅਤੇ ਮੀਡੀਆ ਅੱਗੇ ਬਿਆਨ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਪਤੀ ਜੋ ਹਰ ਕਿਸੇ ਦੀ ਮਦਦ ਕਰਦਾ ਸੀ, ਪਿੰਡ ਦੇ ਕਬੱਡੀ ਖਿਡਾਰੀ ਏਕਮ ਜੋ ਕਿ ਆਰਥਿਕ ਤੌਰ ’ਤੇ ਕਾਫੀ ਗਰੀਬ ਸੀ ਉਸ ਨੂੰ ਕਬੱਡੀ ਖੇਡਣ ਤੋਂ ਵਿਰੋਧੀ ਗੁੱਟ ਰੋਕਦਾ ਸੀ। ਜਿਸ ’ਤੇ ਉਸ ਦਾ ਪਤੀ ਏਕਮ ਦੀ ਮਦਦ ਕਰ ਰਿਹਾ ਸੀ। ਇਸ ਦੇ ਬਾਵਜੂਦ 31 ਦਸੰਬਰ ਨੂੰ ਏਕਮ ਦੇ ਘਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਵੀ ਜ਼ਖ਼ਮੀ ਕਰ ਗਏ ਸਨ। ਇਸ ’ਤੇ ਉਸ ਦਾ ਪਤੀ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਲਈ ਵੀ ਏਕਮ ਦੇ ਨਾਲ ਖੜ੍ਹ ਗਿਆ ਸੀ। ਇਸੇ ਰੰਜਿਸ਼ ਵਿਚ ਉਨ੍ਹਾਂ ਨੇ ਉਸ ਦੇ ਪਤੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ।
---------
-ਕਾਤਲਾਂ ਦੀ ਗ੍ਰਿਫ਼ਤਾਰੀ ਤਕ ਨਹੀਂ ਚੁੱਕਣੀ ਪਤੀ ਦੀ ਲਾਸ਼
ਮ੍ਰਿਤਕ ਸਾਬਕਾ ਕਬੱਡੀ ਖਿਡਾਰੀ ਅਤੇ ਬਾਊਂਸਰ ਗਗਨਦੀਪ ਸਿੰਘ ਬਾਬਾ ਦੀ ਪਤਨੀ ਲਵਦੀਪ ਕੌਰ ਨੇ ਕਤਲ ਕਰਨ ਵਾਲਿਆਂ ਦੇ ਨਾਮ ਨਸ਼ਰ ਕਰਦਿਆਂ ਐਲਾਨ ਕੀਤਾ ਕਿ ਜਦ ਤਕ ਇਹ ਸਾਰੇ ਫੜੇ ਨਹੀਂ ਜਾਂਦੇ, ਪਤੀ ਦੀ ਲਾਸ਼ ਤਕ ਨਹੀਂ ਚੁੱਕਣਗੇ। ਉਸ ਨੇ ਕਿਹਾ ਕਿ ਉਸ ਦੇ ਬੇਕਸੂਰ ਪਤੀ ਨੂੰ ਇਨ੍ਹਾਂ ਸਾਰਿਆਂ ਨੇ ਮਾਰਿਆ ਹੈ। ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਜ਼ਾ ਦਿਵਾਉਣ ਤਕ ਉਹ ਚੁੱਪ ਨਹੀਂ ਬੈਠੇਗੀ।
------------
-ਕਈ ਮੋਟਰਸਾਈਕਲਾਂ ’ਤੇ ਹਥਿਆਰਾਂ ਨਾਲ ਆਏ ਸਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਕੁਰਲਾਉਂਦਿਆਂ ਪਿੰਡ ਵਿਚ ਦਿਨ ਦਿਹਾੜੇ ਹੋਈ ਗੁੰਡਾਗਰਦੀ ਦੇ ਨੰਗੇ ਨਾਚ ਦੀ ਦੁਹਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਾਬਕਾ ਕਬੱਡੀ ਖਿਡਾਰੀ ਨੂੰ ਮਾਰਨ ਵਾਲੇ ਕਈ ਮੋਟਰਸਾਈਕਲਾਂ ’ਤੇ ਝੁੰਡ ਬਣਾ ਕੇ ਆਏ ਸਨ। ਇਨ੍ਹਾਂ ’ਚੋਂ ਕਈਆਂ ਕੋਲ ਹਥਿਆਰ ਸਨ। ਜਿਨ੍ਹਾਂ ਕਬੱਡੀ ਖਿਡਾਰੀ ਗਗਨਦੀਪ ਅਤੇ ਉਸ ਦੇ ਸਾਥੀ ਏਕਮ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਏਕਮ ਤਾਂ ਭੱਜ ਕੇ ਬਚ ਨਿਕਲਿਆ।
------------
-ਪੁਲਿਸ ਕਾਰਵਾਈ ਕਰਦੀ ਤਾਂ ਅੱਜ ਨਾ ਮਰਦਾ ਗਗਨਦੀਪ
ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਬਾਬਾ ਦੇ ਪਰਿਵਾਰ ਨੂੰ ਮਲਾਲ ਹੈ ਕਿ ਹਠੂਰ ਪੁਲਿਸ ਜੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਲੈਂਦੀ ਤਾਂ ਅੱਜ ਗਗਨਦੀਪ ਦੀ ਜਾਨ ਨਾ ਜਾਂਦੀ। ਉਨ੍ਹਾਂ ਦੱਸਿਆ ਕਿ ਏਕਮ ’ਤੇ ਹਮਲਾ ਕਰਨ ਅਤੇ ਗਗਨਦੀਪ ਨੂੰ ਧਮਕੀਆਂ ਦੇਣ ਸਬੰਧੀ ਹਠੂਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਇਸ ਨੂੰ ਨਾ ਹੀ ਗੰਭੀਰਤਾ ਨਾ ਲਿਆ ਅਤੇ ਨਾ ਹੀ ਇਸ ਦਰਖ਼ਾਸਤ ’ਤੇ ਕੋਈ ਕਾਰਵਾਈ ਕੀਤੀ। ਇਸ ’ਤੇ ਥਾਣਾ ਹਠੂਰ ਦੇ ਮੁਖੀ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਅਜੇ ਕੱਲ੍ਹ ਹੀ ਬਦਲ ਕੇ ਥਾਣਾ ਹਠੂਰ ਲੱਗੇ ਹਨ। ਜਿਥੋਂ ਤਕ ਇਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ਦੀ ਗੱਲ ਹੈ ਤਾਂ ਦੋਵਾਂ ਧਿਰਾਂ ਨੂੰ ਅੱਜ ਦਰਖਾਸਤ ਦੀ ਜਾਂਚ ਲਈ ਸੱਦਿਆ ਗਿਆ ਸੀ।