ਇਰਾਨ ’ਤੇ ਹਮਲੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ, ਕੀਤਾ ਪ੍ਰਦਰਸ਼ਨ
ਜਗਰਾਓਂ ’ਚ ਜੰਗਬੰਦੀ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕਾਂ ਨੇ ਕੀਤਾ ਪ੍ਰਦਰਸ਼ਨ
Publish Date: Mon, 02 Mar 2026 07:59 PM (IST)
Updated Date: Tue, 03 Mar 2026 04:09 AM (IST)
ਜਮਹੂਰੀ ਜਥੇਬੰਦੀਆਂ ਨੇ ਇਕਤਰ ਹੋ ਕੇ ਕਮੇਟੀ ਪਾਰਕ ’ਚ ਕੀਤੀ ਵਿਰੋਧ ਰੈਲੀ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਇਰਾਨ ਤੇ ਹਮਲੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਅਮਰੀਕਾ ਅਤੇ ਇਜ਼ਰਾਈਲ ਤਿੱਖਾ ਰੋਸ ਪ੍ਰਗਟਾਵਾ ਕੀਤਾ। ਸੋਮਵਾਰ ਨੂੰ ਇਲਾਕੇ ਦੀਆਂ ਜਮਹੂਰੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਥਾਨਕ ਕਮੇਟੀ ਪਾਰਕ ਵਿੱਚ ਵਿਰੋਧ ਰੈਲੀ ਕੀਤੀ। ਜਥੇਬੰਦੀਆਂ ਨੇ ਇਸ ਹਮਲੇ ਨੂੰ ਇੱਕ ਤਰਫਾ ਸ਼ਰਮਨਾਕ ਕਰਤੂਤ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ਨੂੰ ਕੌਮਾਂਤਰੀ ਕਨੂੰਨਾਂ ਅਤੇ ਅਮਨ ਸੰਧੀਆਂ ਦੀ ਸਖ਼ਤ ਉਲੰਘਣਾ ਦਾ ਜਿੰਮੇਵਾਰ ਠਹਿਰਾਇਆ।
ਇਸ ਸਮੇਂ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੰਸਾਰ ਭਰ ਚ ਆਪਣੇ ਫ਼ੌਜੀ ਬਲ ਨਾਲ ਹੁਣ ਤੱਕ ਦਰਜਨਾਂ ਮੁਲਕਾਂ ਚ ਰਾਜ ਪਲਟੇ ਕਰਵਾ ਚੁੱਕਾ ਤੇ ਕਰਵਾ ਰਿਹਾ ਅਮਰੀਕਨ ਸਾਮਰਾਜ ਸੰਸਾਰ ਭਰ ਚ ਲੋਕਾਂ ਦੇ ਆਮ ਜਨਜੀਵਨ ਨੂੰ ਸੂਲੀ ਤੇ ਟੰਗ ਰਿਹਾ ਹੈ। ਇਰਾਨ ਦੇ ਪ੍ਰਮਾਣੂ ਪ੍ਰੌਗਰਾਮ ਨੂੰ ਇਜ਼ਰਾਈਲ ਲਈ ਖ਼ਤਰੇ ਦਾ ਡਰਾਮਾ ਰਚ ਕੇ ਕੀਤਾ ਇਹ ਹਮਲਾ ਅਸਲ ਚ ਦੂਨੀਆਂ ਭਰ ਚ ਉਸ ਦੀ ਖੁਰ ਰਹੀ ਚੌਧਰ ਨੂੰ ਬਚਾਉਣ ਦਾ ਇਕ ਕੋਝਾ ਯਤਨ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਇਰਾਕ ਨੂੰ ਤਬਾਹ ਕਰਨ ਤੋਂ ਬਾਦ ਉਸ ਦਾ ਅਸਲ ਨਿਸ਼ਾਨਾ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਹੈ। ਉਸ ਦਾ ਦੂਸਰਾ ਮਕਸਦ ਬਰਿਕਸ ਦੇਸ਼ਾਂ ਅਤੇ ਰੂਸ ਚੀਨ ਤੋਂ ਪੈਦਾ ਹੋ ਰਹੇ ਚੈਲੰਜ ਨੂੰ ਰੋਕਣਾ ਹੈ।
ਉਨ੍ਹਾਂ ਕਿਹਾ ਕਿ ਇਸ ਤਬਾਹਕੁੰਨ ਹਮਲੇ ਨੇ ਇਰਾਨ ਚ ਭਾਰੀ ਨੁਕਸਾਨ ਕੀਤਾ ਹੈ। ਇਕ ਸਕੂਲ ਤੇ ਬੰਬ ਸੁੱਟ ਕੇ ਇਕ ਸੌ ਦੇ ਕਰੀਬ ਮਾਸੂਮ ਬੱਚਿਆਂ ਦੇ ਲਹੂ ਨਾਲ ਅਪਣੇ ਨਾਪਾਕ ਹੱਥ ਰੰਗੇ ਹਨ। ਬੂਲਾਰਿਆਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਏਟਕ ਆਗੂ ਗੁਰਦੀਪ ਸਿੰਘ ਮੋਤੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ, ਪੈਨਸ਼ਨਰ ਐਸੋਸੀਏਸ਼ਨ ਦੇ ਅਸ਼ੋਕ ਭੰਡਾਰੀ ਨੇ ਸੰਬੋਧਨ ਕੀਤਾ। ਇਸ ਉਪਰੰਤ ਰਾਏਕੋਟ ਰੋਡ, ਝਾਂਸੀ ਚੋਂਕ, ਤਹਿਸੀਲ ਰੋਡ ਤੇ ਅਮਰੀਕਾ ਇਜ਼ਰਾਈਲ ਨਾਟੋ ਗੱਠਜੋੜ ਖਿਲਾਫ ਅਤੇ ਇਰਾਨ ਦੀ ਟਾਕਰੲ ਲਹਿਰ ਦੇ ਹੱਕ ਚ ਜ਼ਬਰਦਸਤ ਰੋਹ ਭਰਪੂਰ ਮਾਰਚ ਕੀਤਾ ਗਿਆ।
ਇਸ ਸਮੇਂ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਫੂਡ ਐਂਡ ਅਲਾਈਡ ਵਰਕਰਜ ਆਗੂ ਅਵਤਾਰ ਸਿੰਘ ਬਿੱਲਾ, ਕਿਸਾਨ ਆਗੂ ਹਰਦੇਵ ਸਿੰਘ ਅਖਾੜਾ, ਕੁੰਡਾ ਸਿੰਘ ਕਾਉਂਕੇ, ਜਸਵੰਤ ਸਿੰਘ ਕਲੇਰ, ਮਾਸਟਰ ਅਵਤਾਰ ਸਿੰਘ, ਰਾਮਜੀ ਦਾਸ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਰੂਮੀ , ਧਰਮ ਸਿੰਘ ਸੂਜਾਪੁਰ ਆਦਿ ਆਗੂ ਹਾਜ਼ਰ ਸਨ। ਇਸ ਮੁਜ਼ਾਹਰੇ ’ਚ ਮੁਸਲਿਮ ਭਾਈਚਾਰੇ ਨੇ ਮੁਹੰਮਦ ਅਸ਼ਰਫ ਦੀ ਅਗਵਾਈ ਚ ਭਾਗ ਲਿਆ।