ਗਿਲੇ ਸ਼ਿਕਵੇ ਭੁਲਾ ਗਲੇ ਮਿਲ ਇਕ-ਦੂਜੇ ਨੂੰ ਦਿੱਤੀ ਈਦ ਦੀ ਵਧਾਈ
ਸ਼ੇਰਪੁਰ ਖੁਰਦ ਵਿਖੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਅਦਾ ਕੀਤੀ ਈਦ ਉਲ ਫਿਤਰ ਦੀ ਨਮਾਜ਼
Publish Date: Sat, 21 Mar 2026 07:48 PM (IST)
Updated Date: Sun, 22 Mar 2026 04:14 AM (IST)

ਸ਼ੇਰਪੁਰ ਖੁਰਦ ਵਿਖੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਅਦਾ ਕੀਤੀ ਈਦ ਉਲ ਫਿਤਰ ਦੀ ਨਮਾਜ਼ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ਼ੇਰਪੁਰ ਖੁਰਦ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਸ਼ਨਿੱਚਰਵਾਰ ਨੂੰ ਸੁੰਨੀ ਨੂਰੀ ਮਸਜਿਦ ਤੇ ਮਦਰੱਸਾ ਨੂਰੀਆ ਇਸਲਾਮੀਆ ਦੀ ਅਗਵਾਈ ’ਚ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸੈਂਕੜੇ ਮੁਸਲਮਾਨਾਂ ਨੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਨਾਲ ਗਲੇ ਮਿਲ ਕੇ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੰਦੇ ਹੋਏ, ਸੱਭ ਦੇ ਭਲੇ ਲਈ ਦੁਆ ਕੀਤੀ ਗਈ। ਇਸ ਮੌਕੇ ਮੁਹੰਮਦ ਫਿਰੋਜ਼ ਖਾਨ, ਅਖਤਰ ਅਲੀ, ਮੁਹੰਮਦ ਸਗੀਰ ਕਾਲੀਆ, ਜਲਾਲੁਦੀਨ ਅੰਸਾਰੀ, ਮੁਲਾ ਅਖਤਰ, ਮੁਹੰਮਦ ਅਸਗਰ ਗੋਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਸਮਾਪਤ ਹੋਵੇ ਤਾਂ ਜੋ ਪੂਰੀ ਦੁਨੀਆ ਵਿੱਚ ਅਮਨ ਸ਼ਾਂਤੀ ਬਹਾਲ ਹੋਵੇ। ਉਨ੍ਹਾਂ ਕਿਹਾ ਕਿ ਅੱਜ ਹਰ ਇਕ ਭਾਈਚਾਰੇ ਦੇ ਲੋਕ ਮੁਸਲਮਾਨਾਂ ਨੂੰ ਈਦ ਉਲ ਫਿਤਰ ਦੀਆਂ ਵਧਾਈਆਂ ਦੇ ਰਹੇ ਹਨ, ਜੋ ਸਾਡੇ ਦੇਸ਼ ਵਿੱਚ ਏਕਤਾ ਦੀ ਮਿਸਾਲ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਭਾਈਚੇਰੇ ਦੇ ਲੋਕ ਪੂਰਾ ਮਹੀਨਾ ਰੋਜ਼ੇ ਰੱਖ ਕੇ ਬੇਸਬਰੀ ਨਾਲ ਈਦ-ਉਲ-ਫਿਤਰ ਦੀ ਉਡੀਕ ਕਰਦੇ ਹਨ ਤੇ ਅੱਜ ਇਸ ਮੁਬਾਰਕ ਦਿਨ ਦੀਆਂ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਇਸ ਪਵਿੱਤਰ ਮਹੀਨੇ ’ਚ ਆਪਣੇ ਖੁਦਾ ਦੀ ਇਬਾਦਤ ਕਰਦੇ ਹਨ, ਜਿਸ ਦੇ ਬਦਲੇ ਚ ਖੁਦਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ ’ਤੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਈਦ ਉਲ ਫਿਤਰ ਦੇ ਪਵਿੱਤਰ ਦਿਨ ਤੇ ਹਰ ਮੁਸਲਮਾਨ ਆਪਣੇ ਮਨਾਂ ਵਿਚਲੇ ਆਪਸ ਦੇ ਗਿਲੇ-ਸ਼ਿਕਵੇ ਪੂਰੀ ਤਰ੍ਹਾਂ ਭੁਲਾ ਕੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ ਤੇ ਮਿਲਕੇ ਸਾਂਝੇ ਤੌਰਤੇ ਇਸ ਦਿਨ ਨੂੰ ਮਨਾਉਦੇ ਹਨ। ਇਸ ਮੌਕੇ ਮੁਹੰਮਦ ਫਿਰੋਜ਼ ਖਾਨ, ਅਖਤਰ ਅਲੀ, ਮੁਹੰਮਦ ਸਗੀਰ ਕਾਲੀਆ, ਜਲਾਲੁਦੀਨ ਅੰਸਾਰੀ, ਮੁਲਾ ਅਖਤਰ, ਮੁਹੰਮਦ ਅਸਗਰ ਗੋਰਾ, ਮੁਹੰਮਦ ਬੰਟੀ, ਬਬਲੂ ਅੰਸਾਰੀ, ਮੁਹੰਮਦ ਇਰਫਾਨ, ਮੁਹੰਮਦ ਸਮੀਮ, ਮੁਹੰਮਦ ਇਮਤਾਜ, ਅਯੂਬ ਅਲੀ, ਮੁਹੰਮਦ ਵਸੀਮ, ਮੁਹੰਮਦ ਅਰਮਾਨ, ਮੁਹੰਮਦ ਜਿਆਉਲ, ਬਾਬਾ ਅਲਾਉਦੀਨ ਅੰਸਾਰੀ, ਬਿੱਟੂ ਅੰਸਾਰੀ, ਹਾਮਿਦ ਅੰਸਾਰੀ, ਮੁਹੰਮਦ ਰਮਜਾਨ ਸਮੇਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕਰਨ ਤੋਂ ਬਾਅਦ ਗਲੇ ਮਿਲ ਕੇ ਇਕ-ਦੂਜੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ।