ਭਾਜਪਾ ਦੀ ਬਦਲਾਅ ਰੈਲੀ ’ਚ ਹਲਕਾ ਸਾਹਨੇਵਾਲ ਦੇ ਲੋਕ ਹੋਣਗੇ ਸ਼ਾਮਲ : ਬੱਲੀਏਵਾਲ
ਭਾਜਪਾ ਦੀ ਬਦਲਾਅ ਰੈਲੀ ’ਚ ਹਲਕਾ ਸਾਹਨੇਵਾਲ ਦੇ ਲੋਕ ਹੋਣਗੇ ਸ਼ਾਮਿਲ : ਬੱਲੀਏਵਾਲ
Publish Date: Fri, 13 Mar 2026 06:44 PM (IST)
Updated Date: Fri, 13 Mar 2026 06:48 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੋਗਾ ਵਿਖੇ ਹੋਣ ਜਾ ਰਹੀ ਵਿਸ਼ਾਲ ਬਦਲਾਅ ਰੈਲੀ ਨੂੰ ਲੈ ਕੇ ਪੰਜਾਬ ਭਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਹਲਕੇ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਸਾਹਨੇਵਾਲ ਵਿਖੇ ਭਾਜਪਾ ਪੰਜਾਬ ਦੇ ਬੁਲਾਰੇ ਅਤੇ ਹਲਕਾ ਸਾਹਨੇਵਾਲ ਦੇ ਆਗੂ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਇਸ ਇਤਿਹਾਸਕ ਰੈਲੀ ਵਿੱਚ ਹਲਕਾ ਸਾਹਨੇਵਾਲ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ ਅਤੇ ਰੈਲੀ ਵਿੱਚ ਜਾਣ ਲਈ 40 ਤੋਂ ਵੱਧ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਤੋਂ ਭਾਜਪਾ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਆਮ ਲੋਕ ਬੜੇ ਜੋਸ਼ ਨਾਲ ਮੋਗਾ ਪਹੁੰਚਣਗੇ। ਬੱਲੀਏਵਾਲ ਕਿਹਾ ਕਿ ਇਸ ਵਿਸ਼ਾਲ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦਾ ਪੰਜਾਬ ਦੀ ਧਰਤੀ ’ਤੇ ਆਉਣਾ ਪੰਜਾਬ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਮੌਕਾ ਹੈ। ਇਸ ਮੌਕੇ ਉਹ ਕੇਂਦਰ ਸਰਕਾਰ ਵੱਲੋਂ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ਕੀਤੇ ਗਏ ਵਿਕਾਸੀ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀ ਨਾਕਾਮ ਨੀਤੀਆਂ ਤੋਂ ਬਹੁਤ ਨਿਰਾਸ਼ ਹਨ ਅਤੇ ਹੁਣ ਸੂਬੇ ਵਿੱਚ ਸੱਚੇ ਬਦਲਾਅ ਦੀ ਲੋੜ ਮਹਿਸੂਸ ਕਰ ਰਹੇ ਹਨ। ਭਾਜਪਾ ਵੱਲੋਂ ਕਰਵਾਈ ਜਾ ਰਹੀ ਇਹ ਬਦਲਾਅ ਰੈਲੀ ਪੰਜਾਬ ਵਿੱਚ ਇੱਕ ਨਵੀਂ ਰਾਜਨੀਤਿਕ ਦਿਸ਼ਾ ਦੇਣ ਵਾਲੀ ਸਾਬਤ ਹੋਵੇਗੀ। ਬੱਲੀਏਵਾਲ ਨੇ ਕਿਹਾ ਕਿ ਹਲਕਾ ਸਾਹਨੇਵਾਲ ਦੇ ਹਰ ਮੰਡਲ, ਬੂਥ ਅਤੇ ਮੋਰਚੇ ਦੇ ਵਰਕਰਾਂ ਨੂੰ ਰੈਲੀ ਦੀ ਤਿਆਰੀ ਵਿੱਚ ਜੋੜਿਆ ਗਿਆ ਹੈ ਅਤੇ ਸਾਰਿਆਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ ਮੋਗਾ ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਲਿਆਵੇਗੀ ਅਤੇ ਭਾਜਪਾ ਦੇ ਮਜ਼ਬੂਤ ਸੰਗਠਨ ਦੀ ਝਲਕ ਦਿਖਾਏਗੀ। ਉਨ੍ਹਾਂ ਹਲਕਾ ਸਾਹਨੇਵਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਮੋਗਾ ਪਹੁੰਚ ਕੇ ਬਦਲਾਅ ਦੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਸੰਨੀ ਕੈਂਥ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਗੌਰਵ ਖੁੱਲਰ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਰਾਓਂ, ਜਸਪਾਲ ਸਿੰਘ ਨੰਬਰਦਾਰ ਮੀਤ ਪ੍ਰਧਾਨ, ਗੁਰਜੰਟ ਸਿੰਘ ਪੰਜੇਟਾ, ਦਲਬੀਰ ਸਿੰਘ ਚੀਮਾ, ਸਤਪਾਲ ਸਿੰਘ ਖਾਲਸਾ, ਬੰਪੀ ਰਾਮਗੜ੍ਹ, ਸੂਰਜ ਬਰੂਚਾ, ਸੁਖਵਿੰਦਰ ਸਿੰਘ ਸਾਬੀ, ਸੌਰਵ ਸ਼ਰਮਾ ਆਦਿ ਹਾਜ਼ਰ ਸਨ।