ਘਰੇਲੂ ਗੈਸ ਸਿਲੰਡਰ ਨਾ ਮਿਲਣ ’ਤੇ ਸ਼ੇਰਪੁਰ ’ਚ ਲੋਕਾਂ ’ਚ ਰੋਸ, ਰੋਡ ਜਾਮ, ਏਜੰਸੀ ਖ਼ਿਲਾਫ਼ ਪ੍ਰਦਰਸ਼ਨ
ਘਰੇਲੂ ਗੈਸ ਸਿਲੰਡਰ ਨਾ ਮਿਲਣ ‘ਤੇ ਸ਼ੇਰਪੁਰ ‘ਚ ਲੋਕਾਂ ਚ ਰੋਸ਼, ਰੋਡ ਜਾਮ, ਏਜੰਸੀ ਖ਼ਿਲਾਫ਼ ਪ੍ਰਦਰਸ਼ਨ
Publish Date: Fri, 13 Mar 2026 06:38 PM (IST)
Updated Date: Fri, 13 Mar 2026 06:39 PM (IST)

- ਘਰੇਲੂ ਗੈਸ ਸਿਲੰਡਰਾਂ ਤੋਂ ਔਖੇ ਲੋਕਾਂ ਵੱਲੋਂ ਸੜਕਾਂ ਕੀਤੀਆਂ ਜਾਮ - ਗੈਸ ਸਿਲੰਡਰਾਂ ਦੀ ਕਮੀ ’ਤੇ ਲੋਕਾਂ ਦਾ ਗੁੱਸਾ ਫੁੱਟਿਆ, ਸ਼ੇਰਪੁਰ ’ਚ ਰੋਡ ਜਾਮ ਕਰ ਕੇ ਪ੍ਰਦਰਸ਼ਨ - ਸਬ ਲਾਈਨ : ਡੀਸੀ ਲੁਧਿਆਣਾ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਖ਼ਪਤਕਾਰਾਂ ਨੂੰ ਨਾ ਮਿਲੇ ਸਿਲੰਡਰ, ਸਵੇਰੇ 7 ਵਜੇ ਤੋਂ ਲਾਈਨਾਂ ’ਚ ਖੜ੍ਹੇ ਰਹੇ ਲੋਕ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਅਤੇ ਸਟੋਰੇਜ ਨੂੰ ਲੈ ਕੇ ਜਾਰੀ ਕੀਤੇ ਨਿਰਦੇਸ਼ਾਂ ਦੇ ਬਾਵਜੂਦ ਲੋਕਾਂ ਨੂੰ ਸਿਲੰਡਰ ਨਾ ਮਿਲਣ ਕਾਰਨ ਸ਼ੁੱਕਰਵਾਰ ਨੂੰ ਸ਼ੇਰਪੁਰ ਖੇਤਰ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ। ਗੈਸ ਸਿਲੰਡਰਾਂ ਦੀ ਡਲਿਵਰੀ ਤੋਂ ਪਰੇਸ਼ਾਨ ਖ਼ਪਤਕਾਰਾਂ ਨੇ ਸ਼ੇਰਪੁਰ ਵਿਖੇ ਮੇਨ ਰੋੜ ਸੜਕ ਦੇ ਦੋਵੇਂ ਪਾਸਿਆਂ ਤੋਂ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸੋਮਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਘਰੇਲੂ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਹੋਲਡਿੰਗ ਅਤੇ ਸਟੋਰੇਜ ’ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸਡੀਐੱਮ., ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ, ਪੁਲਿਸ ਅਧਿਕਾਰੀ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਸਟੋਰੇਜ, ਬਲੈਕ ਮਾਰਕੀਟਿੰਗ ਅਤੇ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਬਾਵਜੂਦ ਇਸ ਦੇ ਸ਼ੇਰਪੁਰ ਸਥਿਤ ਦਿਵਿਆ ਇੰਡੇਨ ਗੈਸ ਏਜੰਸੀ ’ਤੇ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਸਥਿਤੀ ਤਣਾਭਰੀ ਬਣ ਗਈ। ਇਸ ਮੌਕੇ ਸੈਂਕੜੇ ਪ੍ਰਦਰਸ਼ਨ ਕਰ ਰਹੇ ਖ਼ਪਤਕਾਰਾਂ ਦਾ ਕਹਿਣਾ ਸੀ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰਾਂ ਦੀ ਡਲਿਵਰੀ ਦੇਣ ਲਈ ਟਰਕਾਇਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਤੋਂ ਹੀ ਗੈਸ ਸਿਲੰਡਰ ਲੈਣ ਲਈ ਏਜੰਸੀ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਹਨ, ਪਰ ਇਸ ਦੇ ਬਾਵਜੂਦ ਏਜੰਸੀ ਵੱਲੋਂ ਡਲਿਵਰੀ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਨਾਰਾਜ਼ ਲੋਕਾਂ ਨੇ ਸੜਕ ਦੋਵੇਂ ਪਾਸਿਆਂ ਤੋਂ ਜਾਮ ਕਰ ਕੇ ਆਪਣਾ ਰੋਸ ਪ੍ਰਗਟਾਇਆ, ਜਿਸ ਨਾਲ ਕੁਝ ਸਮੇਂ ਲਈ ਇਲਾਕੇ ਵਿੱਚ ਆਵਾਜਾਈ ਵੀ ਪ੍ਰਭਾਵਿਤ ਰਹੀ। ਦੂਜੇ ਪਾਸੇ ਮਾਮਲੇ ਸਬੰਧੀ ਗੈਸ ਏਜੰਸੀ ਦੇ ਮਾਲਕ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਜਲਦ ਹੀ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਏਜੰਸੀ ’ਚ ਪਹੁੰਚਣ ਵਾਲਾ ਹੈ। ਉਨ੍ਹਾਂ ਕਿਹਾ ਕਿ ਟਰੱਕ ਪਹੁੰਚਦੇ ਹੀ ਖ਼ਪਤਕਾਰਾਂ ਨੂੰ ਸਿਲੰਡਰਾਂ ਦੀ ਡਲਿਵਰੀ ਦੇ ਦਿੱਤੀ ਜਾਵੇਗੀ।