ਘਰੇਲੂ ਗੈਸ ਸਿਲੰਡਰਾਂ ਦੀ ਕਮੀ ਨਾਲ ਲੋਕ ਪ੍ਰੇਸ਼ਾਨ, ਗਰੀਬ ਵਰਗ ’ਤੇ ਵੱਧਿਆ ਸੰਕਟ

- ਸਲਮ ਇਲਾਕਿਆਂ ਦੇ ਵਸਨੀਕਾਂ ਤੋਂ ਲੈ ਕੇ ਇੱਕ ਸਿਲੰਡਰ ਵਾਲੇ ਉਪਭੋਗਤਾਵਾਂ ਤੱਕ ਸਾਰੇ ਪ੍ਰਭਾਵਿਤ
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਅੰਤਰਰਾਸ਼ਟਰੀ ਪੱਧਰ ‘ਤੇ ਬਣੀ ਤਣਾਭਰੀ ਸਥਿਤੀ ਦੇ ਮੱਦੇਨਜ਼ਰ ਦੇਸ਼ ਦੇ ਕਈ ਸ਼ਹਿਰਾਂ ਸਮੇਤ ਲੁਧਿਆਣਾ ’ਚ ਘਰੇਲੂ ਐਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਸਿਲੰਡਰਾਂ ਦੀ ਘੱਟ ਉਪਲਬਧਤਾ ਕਾਰਨ ਲੋਕਾਂ ਨੂੰ ਬੁਕਿੰਗ ਕਰਨ ਤੋਂ ਬਾਅਦ ਵੀ ਸਿਲੰਡਰ ਪ੍ਰਾਪਤ ਕਰਲ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਨਾਲ ਘਰਾਂ ਦੀ ਰਸੋਈ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ।
ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਕੋਲ ਸਿਰਫ ਇੱਕ ਹੀ ਗੈਸ ਸਿਲੰਡਰ ਹੈ, ਉਨ੍ਹਾਂ ਲਈ ਇਹ ਸਥਿਤੀ ਕਾਫ਼ੀ ਪ੍ਰੇਸ਼ਾਨੀ ਵਾਲੀ ਬਣ ਗਈ ਹੈ। ਇੱਕ ਸਿਲੰਡਰ ਖਤਮ ਹੋਣ ਤੋਂ ਬਾਅਦ ਨਵਾਂ ਸਿਲੰਡਰ ਸਮੇਂ ’ਤੇ ਨਾ ਮਿਲਣ ਕਾਰਨ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਠੱਪ ਹੋ ਜਾਂਦਾ ਹੈ। ਅਜਿਹੇ ਵਿੱਚ ਲੋਕਾਂ ਨੂੰ ਮਜਬੂਰਨ ਪੜੋਸੀਆਂ ਜਾਂ ਰਿਸ਼ਤੇਦਾਰਾਂ ਤੋਂ ਸਿਲੰਡਰ ਮੰਗ ਕੇ ਕੰਮ ਚਲਾਉਣਾ ਪੈ ਰਿਹਾ ਹੈ ਜਾਂ ਫਿਰ ਅਸਥਾਈ ਤੌਰ ’ਤੇ ਲੱਕੜ ਜਾਂ ਹੋਰ ਬਾਲਣਾਂ ਦੀ ਵਰਤੋਂ ਕਰਨੀ ਪੈ ਰਹੀ ਹੈ।
ਉਧਰ ਲੋਕ ਸਿਲਡਰ ਲੈਣ ਲਈ ਸਵੇਰ ਤੋਂ ਹੀ ਗੈਸ ਏਜੰਸੀਆਂ ਦੇ ਬਾਹਰ ਲਾਈਨਾਂ ਲਗਾ ਰਹੇ ਹਨ ਤੇ ਦਫਤਰ ਖੁੱਲਣ ਤੋਂ ਘੰਟੇਬੱਧੀ ਪਹਿਲਾ ਪੁੱਜਣ ਦੇ ਬਾਅਦ ਵੀ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਲਈ ਧੁੱਪ ਵਿੱਚ ਸੜਕਾਂ ਕਿਨਾਰੇ ਬੈਠਣਾ ਪੈ ਰਿਹਾ ਹੈ। ਅਜਿਹੇ ਹੀ ਹਲਾਤ ਅੱਜ ਸ਼ੇਰਪੁਰ ਵਿਖੇ ਦਿਵਿਆ ਗੈਸ ਏਜੰਸੀ ਦੇ ਦਫਤਰ ਦੇ ਬਾਹਰ ਦੇਖਣ ਨੂੰ ਮਿਲੇ ਜਿੱਥੇ 10 ਦਿਨ ਪਹਿਲਾਂ ਸਿਲੰਡਰ ਦੀ ਬੁਕਿੰਗ ਕਰਵਾਉਣ ਵਾਲੇ ਵੀ ਸਿਲੰਡਰ ਨਾ ਮਿਲਣ ਕਾਰਨ ਲਾਈਨ ਵਿੱਚ ਲੱਗੇ ਦਿਖਾਈ ਦਿੱਤੇ। ਇਸ ਦੌਰਾਨ ਕਈ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਬੁਕਿੰਗ ਤੋਂ ਚਾਰ ਦਿਨ ਬਾਅਦ ਸਿਲੰਡਰ ਡਲਿਵਰ ਦਾ ਮੈਸਜ ਵੀ ਆ ਗਿਆ ਜਦੋਂ ਕਿ ਉਨ੍ਹਾਂ ਓਟੀਪੀ ਤੱਕ ਨਹੀਂ ਆਇ। ਜਿਸ ਕਾਰਨ ਅੱਜ ਉਨ੍ਹਾਂ ਆਪਣਾ ਚੁੱਲਾ ਤਪਦਾ ਰੱਖਣ ਲਈ ਦਿਹੜੀ ਵੀ ਤੋੜੀ ਹੈ।
ਗੈਸ ਕਾਪੀਆਂ ਨਾ ਹੋਣ ਕਾਰਨ ਗਰੀਬ ਪਰਿਵਾਰ ਦੋਹਰੇ ਸੰਕਟ ’ਚ
ਦੂਜੇ ਪਾਸੇ ਸ਼ਹਿਰਾਂ ਅਤੇ ਕਸਬਿਆਂ ਦੇ ਸਲਮ ਇਲਾਕਿਆਂ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਲਈ ਇਹ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਨਰੇਸ਼ ਕੁਮਾਰ ਨੇ ਕਿਹਾ ਕਿ ਸਲੱਮ ਇਲਾਕਿਆਂ ਚ ਰਹਿ ਰਹੇ ਅਜਿਹੇ ਕਈ ਪਰਿਵਾਰ ਅਜੇ ਤੱਕ ਗੈਸ ਏਜੰਸੀਆਂ ਦੇ ਅਧਿਕਾਰਤ ਉਪਭੋਗਤਾ ਨਹੀਂ ਬਣ ਸਕੇ ਅਤੇ ਉਨ੍ਹਾਂ ਦੀਆਂ ਗੈਸ ਕਾਪੀਆਂ ਵੀ ਤਿਆਰ ਨਹੀਂ ਹੋਈਆਂ। ਅਜਿਹੇ ਲੋਕ ਪਹਿਲਾਂ ਤੋਂ ਹੀ ਬਲੈਕ ਰੇਟਾਂ ’ਤੇ ਸਿਲੰਡਰ ਖਰੀਦ ਕੇ ਆਪਣਾ ਗੁਜ਼ਾਰਾ ਕਰਦੇ ਰਹੇ ਹਨ।
ਹੁਣ ਜਦੋਂ ਸਿਲੰਡਰਾਂ ਦੀ ਕਮੀ ਵੱਧ ਗਈ ਹੈ ਤਾਂ ਬਲੈਕ ਮਾਰਕੀਟ ਵਿੱਚ ਵੀ ਸਿਲੰਡਰ ਲੱਭਣਾ ਔਖਾ ਹੋ ਗਿਆ ਹੈ ਅਤੇ ਜੇਕਰ ਮਿਲ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਕੀਮਤ ਆਮ ਤੋਂ ਕਾਫ਼ੀ ਵੱਧ ਮੰਗੀ ਜਾ ਰਹੀ ਹੈ। ਇਸ ਕਾਰਨ ਗਰੀਬ ਪਰਿਵਾਰਾਂ ਨੂੰ ਖਾਣਾ ਬਣਾਉਣ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਗੈਸ ਏਜੰਸੀਆਂ ਵੱਲੋਂ ਬੁਕਿੰਗ ਸਬੰਧੀ ਵੀ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਨਵੀਂ ਬੁਕਿੰਗ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੀਕਾਰ ਨਹੀਂ ਕੀਤੀ ਜਾ ਰਹੀ। ਇਸ ਕਾਰਨ ਉਪਭੋਗਤਾਵਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਜਲਦ ਸੁਚਾਰੂ ਨਾ ਹੋਈ ਤਾਂ ਆਮ ਵਰਗ ਦੇ ਨਾਲ-ਨਾਲ ਗਰੀਬ ਅਤੇ ਸਲਮ ਇਲਾਕਿਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਲਈ ਰੋਜ਼ਾਨਾ ਜੀਵਨ ਚਲਾਉਣਾ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ। ਲੋਕਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਜਲਦ ਤੋਂ ਜਲਦ ਨਾਰਮਲ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇ।