ਪ੍ਰਸ਼ਾਸਨ ਤੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਰ ਕੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋਏ ਲੋਕ
ਪ੍ਰਸ਼ਾਸਨ ਤੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਰਕੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹੋਏ ਲੋਕ
Publish Date: Wed, 25 Mar 2026 07:09 PM (IST)
Updated Date: Thu, 26 Mar 2026 04:05 AM (IST)

- ਵਿਧਾਇਕ, ਨਿਗਮ ਦੇ ਅਧਿਕਾਰੀਆਂ ਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਤੇ ਵੀ ਨਹੀਂ ਹੋਇਆ ਕੋਈ ਅਸਰ - ਬੁਨਿਆਦੀ ਸਹੂਲਤਾਂ ਨਾ ਮਿਲਣ ਤੇ ਇਲਾਕਾ ਨਿਵਾਸੀਆਂ ਵੱਲੋਂ ਸੰਘਰਸ਼ ਕਰਨ ਦਾ ਐਲਾਨ ਫੋਟੋ ਨੰਬਰ-12 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੀ ਸਨਅਤੀ ਰਾਜਧਾਨੀ ਤੇ ਸਮਾਰਟ ਸਿਟੀ ਲੁਧਿਆਣਾ ਦੇ ਦਾਖਲੇ ਤੇ ਸਥਿਤ ਐੱਸਪੀਐੱਸ ਹਸਪਤਾਲ ਦੇ ਪਿਛਲੇ ਪਾਸੇ ਰਹਿਣ ਵਾਲੇ ਲੋਕ ਤੇ ਕਾਰਖਾਨੇਦਾਰ ਪ੍ਰਸ਼ਾਸਨ ਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਡਾਢੇ ਪਰੇਸ਼ਾਨ ਹਨ। ਐੱਸਪੀਐੱਸ ਹਸਪਤਾਲ ਦੇ ਪਿੱਛੇ ਲੱਗਦੀ ਸੜਕ ਉੱਪਰ ਹਸਪਤਾਲ ਦਾ ਬਹੁਤ ਸਾਰਾ ਸਟਾਫ਼ ਰਹਿੰਦਾ ਹੈ ਅਤੇ ਮੁੱਖ ਤੌਰ ਤੇ ਲੋਹੇ ਦਾ ਸਮਾਨ ਬਣਾਉਣ ਵਾਲੇ ਕਾਰਖਾਨੇ ਹਨ, ਪਰ ਇਸ ਇਲਾਕੇ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਜਿਸ ਵੱਲ ਅੱਜ ਤੱਕ ਕਿਸੇ ਵੀ ਸਰਕਾਰ, ਨਗਰ ਨਿਗਮ ਜਾਂ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ। ਇਸ ਥਾਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦਾ ਇਨਾ ਬੁਰਾ ਹਾਲ ਹੈ ਕਿ ਥਾਂ-ਥਾਂ ਤੇ ਪਏ ਟੋਇਆ ਵਿੱਚ ਖੜਾ ਪਾਣੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਸੜਕ ਤੇ ਹਰ ਰੋਜ਼ ਛੋਟੇ ਜਾਂ ਵੱਡੇ ਹਾਦਸੇ ਵਾਪਰ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸੜਕ ਤੇ ਖੜੇ ਪਾਣੀ ਕਰਕੇ ਆਏ ਦਿਨ ਬੱਚੇ ਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਈ ਵਾਰ ਇਲਾਕਾ ਨਿਵਾਸੀ ਤੇ ਕਾਰਖਾਨੇਦਾਰ ਸਮਾਲ ਸਕੇਲ ਇੰਡਸਟਰੀਜ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ ਨੂੰ ਨਾਲ ਲੈ ਕੇ ਹਲਕਾ ਵਿਧਾਇਕ, ਨਗਰ ਨਿਗਮ ਦੇ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਇਲਾਕਾ ਨਿਵਾਸੀਆਂ ਨੂੰ ਸਹੂਲਤ ਦੇਣ ਵਾਲੇ ਪਾਸੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਹੋਰ ਤਾਂ ਹੋਰ ਇਲਾਕਾ ਨਿਵਾਸੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਈਮੇਲ ਤੇ ਵੀ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਾਨੂੰ ਬੁਨਿਆਦੀ ਸਹੂਲਤਾਂ ਨਾ ਮਿਲੀਆਂ, ਤਾਂ ਆਉਣ ਵਾਲੇ ਸਮੇਂ ’ਚ ਇਲਾਕਾ ਨਿਵਾਸੀਆਂ ਵੱਲੋਂ ਇਸ ਦੇ ਸੰਬੰਧ ਵਿੱਚ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਜਿਸ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।