ਸੜਕ ਹਾਦਸੇ ਦੌਰਾਨ ਰਾਹਗੀਰ ਦੀ ਮੌਤ
ਸੜਕ ਹਾਦਸੇ ਦੇ ਦੌਰਾਨ ਰਾਹਗੀਰ ਦੀ ਮੌਤ
Publish Date: Tue, 06 Jan 2026 06:45 PM (IST)
Updated Date: Wed, 07 Jan 2026 04:06 AM (IST)
ਪਤਨੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ-ਦਿੱਲੀ ਹਾਈਵੇ ’ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ 30 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇਸ ਕਦਰ ਭਿਆਨਕ ਸੀ ਕਿ ਰਾਹਗੀਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਸਤੀ ਜੋਧੇਵਾਲ ਗਲੀ ਨੰਬਰ 2 ਦੀ ਰਹਿਣ ਵਾਲੀ ਸੀਮਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਗੁਰਦੀਪ ਸਿੰਘ (30) ਪ੍ਰਾਈਵੇਟ ਨੌਕਰੀ ਕਰਦਾ ਸੀ। ਬੀਤੇ ਦਿਨ ਰਾਤ ਵੇਲੇ ਉਹ ਕੰਮ ਤੋਂ ਘਰ ਆ ਰਿਹਾ ਸੀ। ਗੁਰਦੀਪ ਸਿੰਘ ਜਿਵੇਂ ਹੀ ਨਿਊ ਸੁਭਾਸ਼ ਨਗਰ ਵਾਲੇ ਪਾਸੇ ਆਨਲਾਈਨ ਮੇਨ ਹਾਈਵੇ ਕਰਾਸ ਕਰਨ ਲੱਗਾ ਤਾਂ ਪੈਟਰੋਲ ਪੰਪ ਵਾਲੇ ਪਾਸਿਓਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਚਾਲਕ ਟਰੱਕ ਨੂੰ ਬੜੀ ਹੀ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸ ਹਾਦਸੇ ਦੌਰਾਨ ਗੁਰਦੀਪ ਸਿੰਘ ਗੰਭੀਰ ਰੂਪ ’ਚ ਫੱਟੜ ਹੋ ਗਿਆ ਤੇ ਉਸ ਨੇ ਥਾਂ ’ਤੇ ਹੀ ਦਮ ਤੋੜ ਦਿੱਤਾ। ਉਧਰੋਂ ਇਸ ਮਾਮਲੇ ’ਚ ਤਫਤੀਸ਼ੀ ਅਫਸਰ ਏਐੱਸਆਈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਹੈ।