ਬਿਨਾਂ ਦੁੱਧ ਵੇਚੇ ਹੀ ਪਿੰਡ ਦੀ ਸੁਸਾਇਟੀ ਤੋਂ ਲਿਆ ਭੁਗਤਾਨ, ਕੇਸ ਦਰਜ
ਬਿਨ੍ਹਾਂ ਦੁੱਧ ਵੇਚੇ ਹੀ ਪਿੰਡ ਦੀ ਸੁਸਾਇਟੀ ਤੋਂ ਲਿਆ ਭੁਗਤਾਨ
Publish Date: Fri, 06 Mar 2026 09:26 PM (IST)
Updated Date: Fri, 06 Mar 2026 09:30 PM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦੁੱਧ ਉਤਪਾਦਕਾਂ ਕੋਲੋਂ ਦੁੱਧ ਖਰੀਦ ਕੇ ਪਿੰਡ ਵਾਸੀਆਂ ਦੀ ਮਦਦ ਲਈ ਸਥਾਪਤ ਕੀਤੀ ਸੁਸਾਇਟੀ ਨੂੰ ਬਿਨਾਂ ਦੁੱਧ ਵੇਚੇ ਹੀ ਸਾਜਿਸ਼ ਨਾਲ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਮਾਂ-ਪੁੱਤਰ ਖ਼ਿਲਾਫ਼ ਥਾਣਾ ਜਮਾਲਪੁਰ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਸਾਹਿਬਾਣਾ ਦੀ ਰਹਿਣ ਵਾਲੀ ਬੇਅੰਤ ਕੌਰ ਦੇ ਬਿਆਨ ਉੱਪਰ ਪਿੰਡ ਸਾਹਿਬਾਣਾ ਦੇ ਹੀ ਰਹਿਣ ਵਾਲੇ ਮਨਦੀਪ ਸਿੰਘ ਅਤੇ ਉਸ ਦੀ ਮਾਂ ਹਰਮਿੰਦਰ ਕੌਰ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਬੇਅੰਤ ਕੌਰ ਮੁਤਾਬਿਕ ਪਿੰਡ ਦੇ ਹੀ ਰਹਿਣ ਵਾਲੇ ਮਨਦੀਪ ਸਿੰਘ ਅਤੇ ਉਸ ਦੀ ਮਾਂ ਹਰਮਿੰਦਰ ਕੌਰ ਪਿੰਡ ਸਾਹਿਬਾਣਾ ਦੀ ਸੁਸਾਇਟੀ ਵਿੱਚ ਦੁੱਧ ਸਪਲਾਈ ਕਰਨ ਵਾਲੇ ਦੁੱਧ ਉਤਪਾਦਕਾਂ ਕੋਲੋਂ ਖ਼ਰੀਦ ਕੀਤੇ ਦੁੱਧ ਦਾ ਹਿਸਾਬ ਕਿਤਾਬ ਬਣਾ ਕੇ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾਉਂਦੇ ਹਨ। ਹਿਸਾਬ ਕਿਤਾਬ ਆਪਣੇ ਹੱਥ ਹੋਣ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮਾਂ ਨੇ ਇੱਕ ਦੁੱਧ ਉਤਪਾਦਕ ਦੇ ਨਾਮ ਅੱਗੇ ਆਪਣਾ ਬੈਂਕ ਅਕਾਊਂਟ ਨੰਬਰ ਲਿਖ ਕੇ ਧੋਖੇ ਨਾਲ ਰਕਮ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਈ। ਸ਼ਿਕਾਇਤ ਕਰਤਾ ਮੁਤਾਬਕ ਮੁਲਜ਼ਮਾਂ ਨੇ ਬਿਨਾਂ ਦੁੱਧ ਸਪਲਾਈ ਕੀਤੇ ਹੀ ਸੁਸਾਇਟੀ ਕੋਲੋਂ ਇਹ ਪੈਸਾ ਗੈਰ ਕਾਨੂੰਨੀ ਢੰਗ ਨਾਲ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਕੇ ਸੁਸਾਇਟੀ ਨਾਲ ਅਮਾਨਤ ਵਿੱਚ ਖਿਆਨਤ ਕੀਤੀ ਹੈ।