ਪੀਏਯੂ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਮਿਲਿਆ ਖੋਜ ਪ੍ਰਾਜੈਕਟ
ਪੀਏਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਮਿਲਿਆ ਖੋਜ ਪ੍ਰਾਜੈਕਟ
Publish Date: Fri, 10 Apr 2026 06:16 PM (IST)
Updated Date: Fri, 10 Apr 2026 06:20 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਖੇਤੀ ਰਹਿੰਦ-ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ’ਚ ਪੀਏਯੂ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੂੰ ਉਦਯੋਗ ਅਧਾਰਿਤ ਵੱਕਾਰੀ ਖੋਜ ਪ੍ਰਾਜੈਕਟ ਪ੍ਰਾਪਤ ਹੋਇਆ ਹੈ। ਬਾਇਓਗੈਸ ਪਲ਼ਾਂਟਾਂ ਦੀ ਰਹਿੰਦ-ਖੂੰਹਦ ਨੂੰ ਸਥਿਰ ਖੇਤੀ ਲਈ ਜੈਵਿਕ ਖਾਦ ਵਿਚ ਬਦਲਣ ਦੀ ਤਕਨਾਲੋਜੀ ਸਈ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਵੱਲੋਂ 58.45 ਲੱਖ ਰੁਪਏ ਦਾ ਇਹ ਖੋਜ ਪ੍ਰਾਜੈਕਟ ਬੇਹੱਦ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਬਾਇਓਗੈਸ ਪਲ਼ਾਂਟਾਂ ਵਿੱਚੋਂ ਨਿਕਲਣ ਵਾਲੀ ਵਰਤੀ ਹੋਈ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਸੰਭਾਲ ਉਦਯੋਗਾਂ ਅੱਗੇ ਇਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਉਂਦੀ ਹੈ। ਵਿਭਾਗ ਨੂੰ ਪ੍ਰਾਪਤ ਹੋਣ ਵਾਲਾ ਇਹ ਪ੍ਰਾਜੈਕਟ ਇਸ ਸੱਲਰੀ ਜਾਂ ਰਹਿੰਦ-ਖੂੰਹਦ ਨੂੰ ਠੋਸ ਅਤੇ ਤਰਲ ਜੈਵਿਕ ਖਾਦ ਵਜੋਂ ਤਬਦੀਲ ਕਰੇਗਾ ਜਿਸ ਨਾਲ ਉਸਦੀ ਵਰਤਣ ਯੋਗਤਾ ਅਤੇ ਮਹੱਤਵ ਖੇਤੀ ਸਥਿਰਤਾ ਲਈ ਲਾਹੇਵੰਦ ਹੋ ਜਾਣਗੇ। ਮਿੱਟੀ ਵਿੱਚ ਮਿਲਾਉਣ ਤੇ ਜ਼ਮੀਨ ਦੇ ਪੋਸ਼ਕ ਅਤੇ ਜੈਵਿਕ ਤੱਤਾਂ ’ਚ ਵਾਧਾ ਹੋਵੇਗਾ। ਪਲਾਂਟਾਂ ਦੀ ਰਹਿੰਦ-ਖੂੰਹਦ ਦੀ ਭਰਪੂਰ ਮਾਤਰਾ ਕਾਰਨ ਇਸ ਤਕਨੀਕ ਦੀ ਵਪਾਰਕ ਵਰਤੋਂ ਦੀ ਵੀ ਸੰਭਾਵਨਾ ਹੈ। ਇਸਦੀ ਕਾਮਯਾਬੀ ਖੇਤੀ ਨੂੰ ਵਧੇਰੇ ਮੁਨਾਫੇਯੋਗ ਅਤੇ ਲਾਹੇਵੰਦ ਬਣਾਏਗੀ। ਇਸ ਪ੍ਰਾਜੈਕਟ ਦੇ ਮੁੱਖ ਵਿਗਿਆਨੀ ਡਾ. ਉਰਮਿਲਾ ਗੁਪਤਾ ਹੋਣਗੇ। ਟੀਮ ਦੇ ਹੋਰ ਮੈਂਬਰਾਂ ਵਿਚ ਡਾ. ਅਮਨਦੀਪ ਸਿੰਘ ਸਿੱਧੂ, ਡਾ. ਪ੍ਰਤਿਭਾ ਵਿਆਸ ਅਤੇ ਡਾ. ਗੁਲਾਬ ਪੰਡੋਵ ਹੋਣਗੇ|। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮੁੱਚੀ ਟੀਮ ਨੂੰ ਇਸ ਪ੍ਰਾਜੈਕਟ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।