ਚਾਰੇ ਪਾਸੇ ਮਹਿਕਾਂ ਬਿਖੇਰ ਗਿਆ ਪੀਏਯੂ ਦਾ ਫਲਾਵਰ ਸ਼ੋਅ
ਚਾਰੇ ਪਾਸੇ ਮਹਿਕਾਂ ਬਿਖੇਰ ਗਿਆ ਪੀਏਯੂ ਦਾ ਫਲਾਵਰ ਸ਼ੋਅ
Publish Date: Fri, 27 Feb 2026 08:33 PM (IST)
Updated Date: Sat, 28 Feb 2026 04:08 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਕਰਵਾਇਆ ਗਿਆ ਦੋ ਰੋਜ਼ਾ ਸਲਾਨਾ ਫਲਾਵਰ ਸ਼ੋਅ ਹਜ਼ਾਰਾਂ ਅੱਖਾਂ ਨੂੰ ਮਨਮੋਹਕ ਦ੍ਰਿਸ਼ ਦਿੰਦਾ ਸ਼ੁੱਕਰਵਾਰ ਨੂੰ ਸਮਾਪਤ ਹੋ ਗਿਆ। ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਮਿਲਖ ਸੰਗਠਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਸ਼ੋਅ ਨਿੱਜੀ ਫੁੱਲ ਪ੍ਰੇਮੀਆਂ ਦੇ ਨਾਲ-ਨਾਲ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਅਤੇ ਵਪਾਰਕ ਸੰਗਠਨਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ,. 37 ਦੇ ਕਰੀਬ ਸਟਾਲਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਫੁੱਲਾਂ ਦੀਆਂ ਕਿਸਮਾਂ ਅਤੇ ਬਾਗਬਾਨੀ ਨਾਲ ਸਬੰਧਤ ਹੋਰ ਜ਼ਰੂਰੀ ਵਸਤਾਂ ਦੀ ਪ੍ਰਦਰਸ਼ਨੀ ਬਹੁਤ ਆਕਰਸ਼ਕ ਨਜ਼ਾਰਾ ਪੇਸ਼ ਕਰਦੀ ਸੀ। ਤਾਜ਼ੇ ਅਤੇ ਸੁੱਕੇ ਫੁੱਲਾਂ ਦੀ ਵਿਉਂਤਬੰਦੀ ਸਬੰਧੀ 10 ਵਰਗਾਂ ਵਿਚ ਨਿੱਜੀ ਸੰਸਥਾਵਾਂ ਅਤੇ ਫੁੱਲ ਪ੍ਰੇਮੀਆਂ ਨੇ ਮੁਕਾਬਲਿਆਂ ’ਚ ਹਿੱਸਾ ਲਿਆ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਸ਼ੋਅ ਆਸਪਾਸ ਦੇ ਖੇਤਰ ਵਿੱਚ ਲੋਕਾਂ ਵੱਲੋਂ ਉਡੀਕਿਆ ਜਾਣ ਵਾਲਾ ਉਤਸਵ ਬਣ ਗਿਆ ਹੈ। ਡਾ. ਗੋਸਲ ਨੇ ਫੁੱਲ ਪ੍ਰੇਮੀਆਂ ਅਤੇ ਕਾਸ਼ਤਕਾਰਾਂ ਨੂੰ ਪੀਏਯੂ. ਨਾਲ ਜੁੜ ਕੇ ਸਮੇਂ ਦੀ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਅਤੇ ਉਪਜ ਵਧਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਬਦਲਦੀਆਂ ਖੇਤੀ ਲੋੜਾਂ ਨੂੰ ਵਪਾਰਕ ਮਾਰਗ ਤੇ ਤੋਰਨ ਲਈ ਫੁੱਲਾਂ ਦੀ ਖੇਤੀ ਦੀ ਭੂਮਿਕਾ ਨਿਰਸੰਦੇਹ ਵਧੇਗੀ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਬਾਗਬਾਨੀ ਦੇ ਖੇਤਰ ਵਿੱਚ ਫੁੱਲਾਂ ਦੀ ਕਾਸ਼ਤ ਦੀ ਮਹੱਤਤਾ ਨੂੰ ਦ੍ਰਿੜ ਕਰਵਾਇਆ। ਉਨਾਂ ਕਿਹਾ ਕਿ ਪੱਛਮ ਦੀ ਤਰਜ ਤੇ ਫੁੱਲ ਸਾਡੇ ਸਮਾਜ ਦਾ ਜ਼ਰੂਰੀ ਹਿੱਸਾ ਬਣ ਰਹੇ ਹਨ ਅਤੇ ਇਹ ਰੁਝਾਨ ਫੁੱਲਾਂ ਦੀ ਖੇਤੀ ਲਈ ਬੜਾ ਸਾਜਗਾਰ ਹੈ। ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਇਸ ਸ਼ੋਅ ਦੀ ਸਫਲਤਾ ਲਈ ਸਮੁੱਚੇ ਵਿਭਾਗ ਅਤੇ ਫੁੱਲ ਪ੍ਰੇਮੀਆਂ ਦਾ ਧੰਨਵਾਦ ਕੀਤਾ। ਵੱਖ-ਵੱਖ ਵਰਗਾਂ ਵਿੱਚ 200 ਦੇ ਕਰੀਬ ਇਨਾਮ ਜੇਤੂਆਂ ਨੂੰ ਤਕਸੀਮ ਕੀਤੇ ਗਏ।