ਪੀਏਯੂ ਦੇ ਇੰਜੀਨੀਅਰਿੰਗ ਕੇਂਦਰ ਨੂੰ ਤੀਸਰਾ ਸਰਬੋਤਮ ਇਨਾਮ
ਪੀਏਯੂ ਦੇ ਇੰਜਨੀਅਰਿੰਗ ਕੇਂਦਰ ਨੂੰ ਤੀਸਰਾ ਸਰਵੋਤਮ ਇਨਾਮ
Publish Date: Tue, 03 Mar 2026 07:09 PM (IST)
Updated Date: Wed, 04 Mar 2026 04:11 AM (IST)

ਫੋਟੋ ਨੰਬਰ-15 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਵਿਖੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਜਾਰੀ ਵਢਾਈ ਉਪਰੰਤ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਨੂੰ ਰਾਸ਼ਟਰੀ ਪੱਧਰ ਤੇ ਸਿਖਰਲੇ ਕੇਂਦਰਾਂ ਦੀ ਸੂਚੀ ਵਿੱਚ 2025 ਲਈ ਤੀਸਰਾ ਸਰਵੋਤਮ ਇਨਾਮ ਪ੍ਰਾਪਤ ਹੋਇਆ ਹੈ। ਇਹ ਕੇਂਦਰ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਆਪਣੇ ਖੋਜ ਕਾਰਜ ਰਾਹੀਂ ਕੌਮੀ ਪੱਧਰ ਤੇ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਿਹਾ ਹੈ। ਬੀਤੇ ਦਿਨੀਂ ਵਿਸ਼ਾਖਾਪਟਨਮ ਦੀ ਅਚਾਰਿਆ ਐੱਨਜੀ ਰੰਗਾ ਖੇਤੀ ਯੂਨੀਵਰਸਿਟੀ ਅਨਾਕਾਪਲੇ ਵਿਖੇ ਹੋਈ ਖੋਜ ਪ੍ਰੋਜੈਕਟ ਦੀ 41ਵੀਂ ਸਲਾਨਾ ਗੋਸ਼ਟੀ ਵਿੱਚ ਇਹ ਇਨਾਮ ਕੇਂਦਰ ਨੂੰ ਪ੍ਰਦਾਨ ਕੀਤਾ ਗਿਆ। ਦੇਸ਼ ਭਰ ਤੋਂ 29 ਕੇਂਦਰਾਂ ਦੇ ਮੁਲਾਂਕਣ ਤੋਂ ਬਾਅਦ ਪੀਏਯੂ. ਦੇ ਕੇਂਦਰ ਨੂੰ ਸ਼ਾਨਦਾਰ ਖੋਜ, ਤਕਨਾਲੋਜੀ ਵਿਕਾਸ ਅਤੇ ਪ੍ਰਕਾਸ਼ਨਾਵਾਂ ਦੇ ਨਾਲ-ਨਾਲ ਪਸਾਰ ਗਤੀਵਿਧੀਆਂ ਲਈ ਤੀਸਰੇ ਇਨਾਮ ਦੇ ਯੋਗ ਸਮਝਿਆ ਗਿਆ। ਇਸ ਇਨਾਮ ਨੂੰ ਪ੍ਰਦਾਨ ਕਰਨ ਵਾਲਿਆਂ ਵਿੱਚ ਆਈਸੀਏਆਰ ਦੇ ਉਪ ਨਿਰਦੇਸ਼ਕ ਜਨਰਲ ਡਾ. ਐੱਸਐੱਨ ਝਾਅ, ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ, ਡਾ. ਕੇ ਨਰਸਿਆ, ਡਾ. ਕੇ ਵਿਸ਼ਵਕਰਮਾ ਸ਼ਾਮਿਲ ਸਨ। ਪੀਏਯੂ ਕੇਂਦਰ ਵੱਲੋਂ ਇਨਾਮ ਹਾਸਲ ਕਰਨ ਵਾਲੀ ਟੀਮ ਵਿੱਚ ਮੁੱਖ ਨਿਗਰਾਨ ਡਾ. ਐੱਮਐੱਸ ਆਲਮ, ਡਾ. ਸੁਰੇਖਾ ਭਾਟੀਆ, ਡਾ. ਸੰਧਿਆ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਰੋਹਿਤ ਸ਼ਰਮਾ ਅਤੇ ਡਾ. ਗਗਨਪ੍ਰੀਤ ਕੌਰ ਪ੍ਰਮੁੱਖ ਸਨ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀਸੀ ਮਿੱਤਲ ਨੇ ਪ੍ਰੋਜੈਕਟ ਨਾਲ ਸੰਬੰਧਿਤ ਟੀਮ ਨੂੰ ਇਸ ਪ੍ਰਾਪਤੀ ਲਈ ਮੁਬਾਰਕਵਾਦ ਦਿੱਤੀ।