ਪੀਏਯੂ ਵੱਲੋਂ ਟਿਲਮੇਟ ਮਲਟੀਟੈੱਕ ਨਾਲ ਦੋ ਸਮਝੌਤਿਆਂ ’ਤੇ ਦਸਤਖਤ
ਪੀਏਯੂ ਵੱਲੋਂ ਟਿਲਮੇਟ ਮਲਟੀਟੈਕ ਨਾਲ ਦੋ ਸਮਝੌਤਿਆਂ ’ਤੇ ਦਸਤਖਤ
Publish Date: Fri, 06 Mar 2026 06:30 PM (IST)
Updated Date: Fri, 06 Mar 2026 06:33 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਨੇ ਮੈਟ ਟਾਈਪ ਨਰਸਰੀ ਸੀਡਰ ਅਤੇ ਮੈਨੂਅਲ ਨਰਸਰੀ ਕਟਰ ਦੇ ਲਾਇਸੈਂਸ ਲਈ ਲੁਧਿਆਣਾ ਸਥਿਤ ਟਿਲਮੇਟ ਮਲਟੀਟੈੱਕ ਨਾਲ ਦੋ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਪੀਏਯੂ ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਟਿਲਮੇਟ ਮਲਟੀਟੈਕ ਤੋਂ ਗੁਰਸੇਵਕ ਸਿੰਘ ਨੇ ਆਪਣੇ-ਆਪਣੇ ਸੰਸਥਾਨਾਂ ਵੱਲੋਂ ਸਮਝੌਤੇ ’ਤੇ ਦਸਤਖਤ ਕੀਤੇ। ਅਪਰ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ (ਐਗਰੀ ਇੰਜੀਨੀਅਰਿੰਗ), ਡਾ. ਮਨਜੀਤ ਸਿੰਘ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਡਾ. ਖੁਸਦੀਪ ਧਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ ਅਤੇ ਡਾ. ਮਹੇਸ ਕੁਮਾਰ ਨਾਰੰਗ, ਸਾਬਕਾ ਮੁਖੀ, ਫਾਰਮ ਮਸੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੀ ਇਸ ਮੌਕੇ ਮੌਜੂਦ ਸਨ। ਡਾ. ਢੱਟ ਨੇ ਵਿਭਾਗ ਅਤੇ ਵਿਗਿਆਨੀਆਂ ਦੀ ਟੀਮ ਨੂੰ ਸਮਝੌਤੇ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਨਾਰੰਗ ਨੇ ਦੱਸਿਆ ਕਿ ਮੈਟ ਟਾਈਪ ਪਨੀਰੀ ਸੀਡਰ ਝੋਨੇ ਦੀ ਮਸ਼ੀਨੀ ਲਵਾਈ ਲਈ ਬੜੀ ਕਾਰਗਰ ਮਸ਼ੀਨ ਹੈ ਜੋ ਪ੍ਰਤੀ ਦਿਨ 150-180 ਏਕੜ ਝੋਨੇ ਦੇ ਖੇਤ ਵਿੱਚ ਟਰਾਂਸਪਲਾਂਟੇਸਨ ਲਈ ਕਾਫੀ ਹੈ। ਰਵਾਇਤੀ ਹੱਥੀਂ ਲਵਾਈ ਦੇ ਮੁਕਾਬਲੇ ਮੈਟ ਕਿਸਮ ਦੇ ਪਨੀਰੀ ਸੀਡਰ ਨਾਲ 64-67 ਫੀਸਦ ਦੀ ਲਾਗਤ ਅਤੇ 92-94 ਫੀਸਦ ਦੀ ਮਜਦੂਰੀ ਦੀ ਬੱਚਤ ਹੁੰਦੀ ਹੈ। ਇਹ ਮਸੀਨ ਮੈਟ ਟਾਈਪ ਝੋਨੇ ਦੀ ਨਰਸਰੀ ਦੀ ਸਮੇਂ ਸਿਰ ਬਿਜਾਈ ਵਿੱਚ ਸਹਿਯੋਗ ਕਰ ਸਕਦੀ ਹੈ, ਜਿਸ ਨਾਲ ਰਾਜ ਵਿੱਚ ਝੋਨੇ ਦੀ ਮਸ਼ੀਨੀ ਲਵਾਈ ਨੂੰ ਵੱਡੇ ਪੱਧਰ ’ਤੇ ਅਪਣਾਇਆ ਜਾ ਸਕਦਾ ਹੈ। ਹੱਥੀਂ ਨਰਸਰੀ ਕਟਰ ਉਤਪਾਦਕਤਾ ਅਤੇ ਸਮਾਂਬੱਧਤਾ ਨੂੰ ਵਧਾਉਂਦਾ ਹੈ ਜਦੋਂਕਿ ਆਪਰੇਟਰ ਦੀ ਥਕਾਵਟ ਅਤੇ ਸਿਹਤ ਸਬੰਧੀ ਖਤਰਿਆਂ ਨੂੰ ਘੱਟ ਕਰਦਾ ਹੈ। ਇਹ ਮਸ਼ੀਨ ਪ੍ਰਤੀ ਘੰਟਾ 325-425 ਨਰਸਰੀ ਮੈਟ ਕੱਟਣ ਦੀ ਸਮਰੱਥਾ ਵਾਲਾ ਹੈ। ਡਾ. ਖੁਸਦੀਪ ਧਰਨੀ ਨੇ ਕਿਹਾ ਕਿ ਪੀਏਯੂ. ਕਿਸਾਨਾਂ ਲਈ ਉਤਪਾਦਕਤਾ ਅਤੇ ਆਰਥਿਕ ਲਾਭ ਵਧਾਉਣ ਲਈ ਸਬੰਧਿਤ ਅਨੁਕੂਲਿਤ ਹੱਲ ਵਿਕਸਤ ਕਰ ਰਿਹਾ ਹੈ ਅਤੇ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰਕਕਰਨ ਦੀ ਕੋਸ਼ਿਸ਼ ਜ਼ਮੀਨੀ ਪੱਧਰ ’ਤੇ ਖੋਜ ਨਤੀਜਿਆਂ ਦੇ ਪ੍ਰਸਾਰ ਨੂੰ ਯਕੀਨੀ ਬਣਾਉਂਦੇ ਹਨ।