ਪੀਏਯੂ ਦੇ ਮੌਸਮ ਵਿਗਿਆਨੀਆਂ ਤੇ ਵਿਦਿਆਰਥੀਆਂ ਨੇ ਹਾਸਲ ਕੀਤੇ ਪੁਰਸਕਾਰ
ਪੀਏਯੂ ਦੇ ਮੌਸਮ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਹਾਸਿਲ ਕੀਤੇ ਪੁਰਸਕਾਰ
Publish Date: Mon, 20 Apr 2026 06:36 PM (IST)
Updated Date: Mon, 20 Apr 2026 06:39 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਜਲਵਾਯੂ ਬਦਲਾਅ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਡਾ. ਰਾਜ ਕੁਮਾਰ ਪਾਲ ਨੂੰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿਖੇ ਸੂਖਮ ਮਸ਼ੀਨੀ ਅਤੇ ਖੇਤੀ ਸਮਾਧਾਨ ਵਿਸ਼ੇ ’ਤੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਸਰਬੋਤਮ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਡਾ. ਹਰਲੀਨ ਕੌਰ ਨੇ ਜਲਵਾਯੂ ਤਬਦੀਲੀ ਦੇ ਮੱਕੀ ਦੇ ਝਾੜ ਉੱਪਰ ਪਏ ਪ੍ਰਭਾਵ ਬਾਰੇ ਅਤੇ ਡਾ. ਰਾਜ ਕੁਮਾਰ ਪਾਲ ਨੇ ਤਾਪਮਾਨ ਦੇ ਆਧਾਰ ’ਤੇ ਕਣਕ ਦੇ ਝਾੜ ਦੀ ਪੇਸ਼ੀਨਗੋਈ ਬਾਰੇ ਆਪਣੇ ਪੇਪਰ ਪੇਸ਼ ਕੀਤੇ ਸਨ। ਇਸੇ ਕਾਨਫਰੰਸ ਵਿਚ ਪੀਐੱਚਡੀ ਖੋਜਾਰਥੀ ਸਿਮਰਨਜੀਤ ਕੌਰ ਨੂੰ ਸਰਬੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਨੇ ਅਰਧ ਸੇਂਜੂ ਪੰਜਾਬ ਵਿਚ ਸਿੰਚਾਈ ਭਿੰਨਤਾ ਅਧੀਨ ਨਰਮੇ ’ਚ ਸੁੱਕੇ ਮਾਦੇ ਦੀ ਹੋਂਦ ਬਾਰੇ ਪੇਪਰ ਪੇਸ਼ ਕੀਤਾ। ਐੱਮਐੱਸਸੀ ਵਿਦਿਆਰਥਣ ਸੋਨਾਕਸ਼ੀ ਜਸਵਾਲ ਨੇ ਵਾਤਾਵਰਨ ਪੱਖੀ ਖੇਤੀ ਬਾਰੇ ਪੇਪਰ ਪੇਸ਼ ਕਰਕੇ ਸਰਬੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਹਾਸਲ ਕੀਤਾ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਬੰਧਿਤ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।