ਤਾਮਿਲਨਾਡੂ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ’ਚ ਪੀਏਯੂ ਦੀ ਝੰਡੀ
ਤਾਮਿਲਨਾਡੂ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ’ਚ ਪੀਏਯੂ ਦੀ ਝੰਡੀ
Publish Date: Wed, 18 Mar 2026 06:39 PM (IST)
Updated Date: Thu, 19 Mar 2026 04:07 AM (IST)

ਫੋਟੋ ਨੰਬਰ-23 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਦੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਵਿਦਿਆਰਥੀਆਂ ਨੇ ਉੱਤਰ ਖੇਤਰ ਯੁਵਕ ਮੇਲੇ ਵਿੱਚ ਕਈ ਸਾਰੇ ਇਨਾਮ ਜਿੱਤਣ ਤੋਂ ਬਾਅਦ ਰਾਸ਼ਟਰ ਪੱਧਰੀ ਯੁਵਕ ਮੇਲੇ ਵਿੱਚ ਆਪਣੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਿਆ ਹੈ। ਬੀਤੇ ਦਿਨੀਂ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਵੱਲੋਂ ਯੁਵਕ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸਤਿਆਭਾਮਾ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਚੇਨਈ, ਤਾਮਿਲਨਾਡੂ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ਵਿੱਚ ਮਾਈਮ ਦੇ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇੰਨਾਂ ਮੁਕਾਬਲਿਆਂ ’ਚ 145 ਯੂਨੀਵਰਸਿਟੀਆਂ ਦੇ 2500 ਪ੍ਰਤੀਯੋਗੀਆਂ ਨੇ 8 ਜ਼ੋਨਾਂ ਤੋਂ ਹਿੱਸਾ ਲਿਆ। ਪੀਏਯੂ ਦੀ ਮਾਈਮ ਟੀਮ ’ਚ ਵਰੁਣ ਸ਼ੀਂਹਮਾਰ, ਹਰਸ਼ਿਤਾ ਕੌਰ, ਏਕਨੂਰ ਕੌਰ, ਭਵਿਆ ਕੁਮਾਰ ਵੋਹਰਾ, ਗੌਰਵ ਠਾਕੁਰ, ਮੀਨਾ ਗੋਇਲ, ਗੁਰਲੀਨ ਕੌਰ ਤੇ ਦਿਵਿਆਂਸ਼ ਵਰਮਾ ਸ਼ਾਮਲ ਸਨ। ਇਹ ਵਿਦਿਆਰਥੀ ਪੀਏਯੂ ਦੇ ਖੇਤੀਬਾੜੀ ਕਾਲਜ, ਬਾਗਬਾਨੀ ਕਾਲਜ ਅਤੇ ਕਮਿਊਨਟੀ ਸਾਇੰਸ ਕਾਲਜ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਪੀਏਯੂ ਦੇ ਵਿਦਿਆਰਥੀਆਂ ਨੇ ਚਿਤਕਾਰਾ ਯੂਨੀਵਰਸਿਟੀ ਵਿਖੇ ਮਾਈਮ ਮੁਕਾਬਲਿਆਂ ’ਚ ਤੀਜਾ ਸਥਾਨ ਹਾਸਲ ਕਰ ਕੇ ਰਾਸ਼ਟਰੀ ਯੁਵਕ ਮੇਲੇ ਲਈ ਪਾਤਰਤਾ ਹਾਸਲ ਕੀਤੀ ਸੀ। ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਸਤਵੀਰ ਸਿੰਘ ਵੀ ਰਾਸ਼ਟਰੀ ਯੁਵਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਦਲ ਨਾਲ ਸ਼ਾਮਿਲ ਹੋਏ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇੰਨਾਂ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਰਾਸ਼ਟਰੀ ਪੱਧਰ ਤੇ ਹਾਸਲ ਕੀਤੇ ਦੂਸਰੇ ਸਥਾਨ ਉੱਪਰ ਮਾਣ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਯੂਨੀਵਰਸਿਟੀ ਪੜਾਈ ਤੇ ਖੇਤੀ ਖੋਜ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ’ਚ ਨਿਰੰਤਰ ਆਪਣੇ ਵਿਦਿਆਰਥੀਆਂ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਇਸ ਟੀਮ ਨੂੰ ਵਧਾਈ ਦਿੱਤੀ। ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਅਤੇ ਸੱਭਿਆਚਾਰ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਵੀ ਇਸ ਮੌਕੇ ਵਿਦਿਆਥੀਆਂ ਦੀ ਪ੍ਰਾਪਤੀ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ।