ਪੀਏਯੂ ਨੇ ਹੜ੍ਹਾਂ ਮਗਰੋਂ ਖੇਤਾਂ ’ਚ ਨਵੇਂ ਨਦੀਨਾਂ ਬਾਰੇ ਕਿਸਾਨਾਂ ਨੂੰ ਕੀਤਾ ਅਲਰਟ
ਪੀਏਯੂ ਨੇ ਹੜ੍ਹਾਂ ਮਗਰੋਂ ਖੇਤਾਂ ਵਿੱਚ ਨਵੇਂ ਨਦੀਨਾਂ ਬਾਰੇ ਕਿਸਾਨਾਂ ਨੂੰ ਕੀਤਾ ਅਲਰਟ
Publish Date: Thu, 11 Jun 2026 07:43 PM (IST)
Updated Date: Thu, 11 Jun 2026 07:44 PM (IST)

-ਨਵੀਆਂ ਚੁਣੌਤੀਆਂ ਪੈਦਾ ਕਰ ਸਕਦੇ ਨੇ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨ : ਵੀਸੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹੜ੍ਹਾਂ ਮਗਰੋਂ ਖੇਤਾਂ ਵਿੱਚ ਨਵੇਂ ਨਦੀਨਾਂ ਬਾਰੇ ਕਿਸਾਨਾਂ ਨੂੰ ਅਲਰਟ ਕੀਤਾ ਗਿਆ ਹੈ ਕਿਉਂਕਿ 2023 ਤੇ 2025 ਵਿੱਚ ਪੰਜਾਬ ’ਚ ਆਏ ਭਾਰੀ ਹੜ੍ਹਾਂ ਨੇ ਫਸਲਾਂ ਦੇ ਉਤਪਾਦਨ ਦੇ ਨਾਲ ਨਾਲ ਖੇਤੀ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਨੁਕਸਾਨ ਕੀਤਾ ਸੀ। ਪੀਏਯੂ ਦੇ ਵਿਗਿਆਨੀਆਂ ਨੇ ਵਾਤਾਵਰਣ ਵਿੱਚ ਪੈਦਾ ਹੋ ਰਹੀ ਨਵੀਂ ਦਿੱਕਤ ਦੀ ਪਛਾਣ ਕੀਤੀ ਹੈ। ਇਸ ਮੁਤਾਬਕ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨ ਸੂਬੇ ਦੀ ਖੇਤੀਬਾੜੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਸਕਦੇ ਹਨ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀਏਯੂ ਦੁਆਰਾ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਅੰਮ੍ਰਿਤਸਰ ਤੇ ਪਟਿਆਲਾ ਸ਼ਾਮਲ ਵਿੱਚ ਕੀਤੇ ਗਏ ਸਰਵੇਖਣ ਵਿੱਚ ਨਦੀਨਾਂ ਦੀਆਂ ਨਵੀਆਂ ਕਿਸਮਾਂ ਦੇ ਉਭਾਰ ਤੇ ਬਨਸਪਤੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਖੇਤਰਾਂ ਵਿੱਚ ਹੋਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਤਿੰਨ ਨਦੀਨਾਂ ਦੀਆਂ ਕਿਸਮਾਂ ਵਿੱਚ ਜੰਗਲੀ ਮੂਲੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਅਤੇ ਮਾਰਸ਼ ਪੀਲੀ-ਕ੍ਰੇਸ ਦੇਖਣ ਨੂੰ ਮਿਲੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪ੍ਰਜਾਤੀਆਂ ਹੜ੍ਹ ਦੇ ਪਾਣੀਆਂ ਰਾਹੀਂ ਪਹਾੜੀ ਖੇਤਰਾਂ ਤੋਂ ਬੀਜ ਅਤੇ ਬਨਸਪਤੀ ਦੇ ਰੂਪ ’ਚ ਆਈਆਂ ਹਨ। ਕੁੱਝ ਥਾਵਾਂ ਤੇ ਮਾਰਸ਼ ਪੀਲੀ-ਕ੍ਰੇਸ ਮਟਰ ਦੇ ਖੇਤਾਂ ਵਿੱਚ ਪ੍ਰਭਾਵੀ ਦੇਖੀ ਗਈ। ਇਹ ਬੂਟੀ ਕਾਸ਼ਤ ਕੀਤੇ ਖੇਤਰਾਂ ਵਿੱਚ ਫੈਲਾਅ ਦੀ ਕੋਸ਼ਿਸ਼ ’ਚ ਰਹਿੰਦੀ ਹੈ। ਸਰਵੇਖਣ ਨੇ ਹਾੜੀ ਦੇ ਮੌਸਮ ਦੌਰਾਨ ਨਦੀਨਾਂ ਪੱਖੋਂ ਧਿਆਨ ਦੇਣ ਯੋਗ ਤਬਦੀਲੀਆਂ ਵੀ ਸਾਹਮਣੇ ਲਿਆਂਦੀਆਂ ਹਨ। ਕਈ ਨਦੀਨ ਹੜ੍ਹ ਦੇ ਪ੍ਰਭਾਵ ’ਚ ਰਹੇ ਨਮੀ ਵਾਲੇ ਖੇਤਾਂ ’ਚ ਦਿਖਾਈ ਦਿੱਤੀਆਂ। ਇਹ ਤਬਦੀਲੀ ਚਿੰਤਾ ਦਾ ਕਾਰਨ ਲੱਗਦੀ ਹੈ ਕਿਉਂਕਿ ਨਦੀਨ ਪੌਸ਼ਟਿਕ ਤੱਤਾਂ, ਨਮੀ, ਸੂਰਜ ਦੀ ਰੌਸ਼ਨੀ ਅਤੇ ਜ਼ਮੀਨ ਲਈ ਫਸਲਾਂ ਨਾਲ ਸਿੱਧਾ ਮੁਕਾਬਲਾ ਕਰਦੇ ਹਨ। ਬਹੁਤ ਸਾਰੇ ਕੀੜੇ-ਮਕੌੜਿਆਂ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਠਾਹਰ ਵਜੋਂ ਵੀ ਇਹ ਬਨਸਪਤੀ ਪ੍ਰਜਾਤੀਆਂ ਕੰਮ ਕਰਦੀਆਂ ਹਨ, ਜਿਸ ਨਾਲ ਖੇਤੀ ਉਤਪਾਦਕਤਾ ਲਈ ਖਤਰੇ ਪੈਦਾ ਹੁੰਦੇ ਹਨ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹ ਵੀ ਦੱਸਿਆ ਕਿ ਇਹ ਖੋਜਾਂ ਦਰਸਾਉਂਦੀਆਂ ਹਨ ਕਿ ਕਿਵੇਂ ਜਲਵਾਯੂ ਤਬਦੀਲੀ ਅਤੇ ਸਖ਼ਤ ਮੌਸਮੀ ਹਾਲਾਤ ਨੇ ਖੇਤੀ ਵਾਤਾਵਰਣ ਪ੍ਰਣਾਲੀਆਂ ਨੂੰ ਅਚਾਨਕ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਦੀਨਾਂ ਦੀਆਂ ਇਨ੍ਹਾਂ ਕਿਸਮਾਂ ਦੀ ਤਾਸੀਰ ਅਤੇ ਵਾਤਾਵਰਣ ਉੱਪਰ ਪ੍ਰਭਾਵ ਬਾਰੇ ਕੋਈ ਅਨੁਭਵ ਨਹੀਂ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਕਿ ਇਹ ਮਜ਼ਬੂਤੀ ਨਾਲ ਸਥਾਪਿਤ ਹੋ ਜਾਣ ਅਤੇ ਫਸਲ ਉਤਪਾਦਨ, ਜੈਵ ਵਿਭਿੰਨਤਾ ਅਤੇ ਵਾਤਾਵਰਣ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਇਨ੍ਹਾਂ ਦੀ ਰੋਕਥਾਮ ਦੇ ਉਪਾਅ ਕਰਨੇ ਲਾਜ਼ਮੀ ਹਨ ਅਤੇ ਪੀਏਯੂ ਦੇ ਵਿਗਿਆਨੀ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹਨ। ਡਾ. ਗੋਸਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਖੇਤੀ ਜੈਵ ਭਿੰਨਤਾ ਦੀ ਰੱਖਿਆ ਲਈ ਕਿਸਾਨਾਂ, ਵਿਗਿਆਨੀਆਂ, ਪਸਾਰ ਕਰਮੀਆਂ ਅਤੇ ਹੋਰ ਹਿੱਸੇਦਾਰਾਂ ਦੇ ਸਹਿਯੋਗ ਦੀ ਲੋੜ ਹੈ। ਸਰਵੇਖਣ ਦੇ ਵਿਹਾਰਕ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਪੀਏਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਨਜਾਣ ਪੌਦਿਆਂ ਦੀਆਂ ਕਿਸਮਾਂ ਜਾਂ ਵੱਖਰੇ ਨਦੀਨਾਂ ਦੇ ਹਮਲੇ ਬਾਰੇ ਪੀਏਯੂ ਮਾਹਿਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ , ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਆਗਾਹ ਕਰਨ ਤਾਂ ਜੋ ਸ਼ੁਰੂਆਤੀ ਪੜਾਅ ਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।