ਪਿੰਡ ਮੋਹੀ ਦੇ ਓਟ ਸੈਂਟਰ ਅੱਗੇ ਮਰੀਜ਼ਾਂ ਦਾ ਰੋਸ ਪ੍ਰਦਰਸ਼ਨ
ਪਿੰਡ ਮੋਹੀ ਦੇ ਓਟ ਸੈਂਟਰ ਅੱਗੇ ਮਰੀਜ਼ਾਂ ਦਾ ਰੋਸ ਪ੍ਰਦਰਸ਼ਨ
Publish Date: Sat, 28 Feb 2026 07:20 PM (IST)
Updated Date: Sun, 01 Mar 2026 04:11 AM (IST)

-ਕਰਮਚਾਰੀ ’ਤੇ ਮਾੜੇ ਵਤੀਰੇ ਦੇ ਲਗਾਏ ਦੋਸ਼ ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਪਿੰਡ ਮੋਹੀ ਵਿਖੇ ਸਥਿਤ ਓਟ ਸੈਂਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੱਲੋਂ ਮਰੀਜ਼ਾਂ ਨਾਲ ਕੀਤੇ ਜਾ ਰਹੇ ਵਿਵਹਾਰ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਿੰਡ ਮੋਹੀ ਵਿੱਚ ਓਟ ਸੈਂਟਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਰਮਚਾਰੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਰਮਚਾਰੀ ਵੱਲੋਂ ਮਰੀਜ਼ਾਂ ਨਾਲ ਮਾੜਾ ਵਿਵਹਾਰ, ਅਪਮਾਨਜਨਕ ਬੋਲਣਾ, ਸਮੇਂ ਸਿਰ ਦਵਾਈ ਨਾ ਦੇਣਾ ਅਤੇ ਕੇਂਦਰ ਨੂੰ ਬੇਸਮੇਂ ਬੰਦ ਕਰਨਾ ਸ਼ਾਮਲ ਹੈ। ਮਰੀਜ਼ਾਂ ਵਿੱਚੋਂ ਕੇਵਲ ਸਿੰਘ, ਸੁਖਵਿੰਦਰ ਸਿੰਘ, ਹਨੀ, ਕਮਲਪ੍ਰੀਤ ਸਿੰਘ, ਜਗਜੀਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿਛਲੇ 15-20 ਦਿਨਾਂ ਤੋਂ ਕਰਮਚਾਰੀ ਦਾ ਵਿਵਹਾਰ ਬਦਲ ਗਿਆ ਹੈ। ਉਹ ਕਦੇ 10-11 ਵਜੇ ਕੇਂਦਰ ਵਿੱਚ ਪਹੁੰਚਦੇ ਹਨ, ਜਿਸ ਕਾਰਨ ਮਰੀਜ਼ਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਮਰੀਜ਼ ਜ਼ਿਆਦਾਤਰ ਦਿਹਾੜੀਦਾਰ ਹਨ ਅਤੇ ਸਵੇਰੇ ਕੰਮ ਤੇ ਜਾਣਾ ਹੁੰਦਾ ਹੈ, ਪਰ ਦਵਾਈ ਲੈਣ ਵਿੱਚ ਲੱਗੇ ਸਮੇਂ ਕਾਰਨ ਉਨ੍ਹਾਂ ਦੀ ਅੱਧੀ ਦਿਹਾੜੀ ਗੁਆਚ ਜਾਂਦੀ ਹੈ ਅਤੇ ਠੇਕੇਦਾਰ ਪੈਸੇ ਵੀ ਕੱਟ ਲੈਂਦੇ ਹਨ। ਇੱਕ ਮਰੀਜ਼ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਰਮਚਾਰੀ ਨੇ ਉਸ ਨੂੰ ਬਿਨਾਂ ਵਜ੍ਹਾ ਮੰਦਾ ਬੋਲਿਆ ਅਤੇ ਜਦੋਂ ਉਸ ਨੇ ਵਿਵਹਾਰ ਸੁਧਾਰਨ ਦੀ ਬੇਨਤੀ ਕੀਤੀ ਤਾਂ ਦਵਾਈ ਬੰਦ ਕਰ ਦਿੱਤੀ ਗਈ। ਬਾਅਦ ਵਿੱਚ ਮਾਫ਼ੀ ਮੰਗਵਾਈ ਗਈ। ਹਿੱਸੋਵਾਲ ਪਿੰਡ ਦੇ ਇੱਕ ਅਪਾਹਜ ਬਜ਼ੁਰਗ ਮਰੀਜ਼ ਜੋਰਾ ਸਿੰਘ ਨੇ ਵੀ ਸ਼ਿਕਾਇਤ ਕੀਤੀ ਕਿ ਉਹ ਵੀਲਚੇਅਰ ਤੇ ਬੈਠ ਕੇ ਦੂਰੋਂ ਆਉਂਦੇ ਹਨ ਪਰ ਦਵਾਈ ਨਾ ਮਿਲਣ ਕਾਰਨ ਵਾਪਸ ਮੁੜਨਾ ਪੈ ਜਾਂਦਾ ਹੈ ਅਤੇ ਆਉਣ-ਜਾਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਮਰੀਜ਼ਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇੱਕ ਦਿਨ ਦੀ ਬਜਾਏ ਘੱਟੋ-ਘੱਟ ਹਫ਼ਤੇ ਭਰ ਦੀ ਦਵਾਈ ਇਕੱਠੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਕਮਾਈ ਤੇ ਅਸਰ ਨਾ ਪਵੇ। ਉਨ੍ਹਾਂ ਨੇ ਜਸਵੀਰ ਸਿੰਘ ਗਰੇਵਾਲ ਦੀ ਬਜਾਏ ਕਿਸੇ ਹੋਰ ਕਰਮਚਾਰੀ ਨੂੰ ਡਿਊਟੀ ਲਗਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ ਤੇ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨ ਦੌਰਾਨ ਮੁਲਾਜ਼ਮ ਅਤੇ ਸਿਹਤ ਵਿਭਾਗ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਦੂਜੇ ਪਾਸੇ, ਸੰਬੰਧਤ ਕਰਮਚਾਰੀ ਜਸਵੀਰ ਸਿੰਘ ਗਰੇਵਾਲ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਡਿਊਟੀ ਹੁਣ ਅਨੰਦਪੁਰ ਸਾਹਿਬ ਵਿੱਚ ਲੱਗੀ ਹੋਈ ਹੈ ਅਤੇ ਉਹ ਸਰਕਾਰੀ ਪਾਲਿਸੀ ਅਨੁਸਾਰ ਹੀ ਕੰਮ ਕਰਦੇ ਹਨ। ਓਟ ਇੰਚਾਰਜ ਡਾ. ਹਰਕੰਵਲ ਕੌਰ ਰਾਏਕੋਟ ਨੇ ਕਿਹਾ ਕਿ ਮਰੀਜ਼ਾਂ ਨਾਲ ਅਜਿਹਾ ਵਿਵਹਾਰ ਮੰਦਭਾਗਾ ਹੈ। ਜੇ ਅਜਿਹੀਆਂ ਸ਼ਿਕਾਇਤਾਂ ਹਨ ਤਾਂ ਮਰੀਜ਼ਾਂ ਨੂੰ ਸਿਵਲ ਸਰਜਨ ਕੋਲ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਜੋ ਉਕਤ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੂੰ ਡਿਊਟੀ ਲਗਾਈ ਜਾ ਸਕੇ। ਐਸਐਮਓ ਸੁਧਾਰ ਦਵਿੰਦਰ ਸੰਧੂ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਪਹੁੰਚੀ। ਜੇ ਸ਼ਿਕਾਇਤ ਆਉਂਦੀ ਹੈ ਤਾਂ ਵਿਭਾਗੀ ਜਾਂਚ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।