ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਲੁੱਟਿਆ ਸੀ ਰਾਹਗੀਰ, ਦੋ ’ਚੋਂ ਇੱਕ ਮੁਲਜ਼ਮ ਗ੍ਰਿਫ਼ਤਾਰ
ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਲੁੱਟਿਆ ਸੀ ਰਾਹਗੀਰ
Publish Date: Thu, 12 Mar 2026 08:54 PM (IST)
Updated Date: Thu, 12 Mar 2026 08:57 PM (IST)

- ਨਸ਼ੇ ਖਾਤਰ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ, 5 ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਨਸ਼ੇ ਦੀ ਤੋੜ ਪੂਰੀ ਕਰਨ ਲਈ ਦੋ ਨੌਜਵਾਨਾਂ ਨੇ ਰਾਹਗੀਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਰਾਹਗੀਰ ਨੇ ਜਿਵੇਂ ਹੀ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਗੰਭੀਰ ਰੂਪ ’ਚ ਫੱਟੜ ਕਰਨ ਤੋਂ ਬਾਅਦ ਮੁਲਜ਼ਮ ਰਾਹਗੀਰ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਨੌਜਵਾਨ ਵਿਕਾਸ ਦੀ ਸ਼ਿਕਾਇਤ ਤੇ ਥਾਣਾ ਪੀਏਯੂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਪੀਏਯੂ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਪ੍ਰਦੀਪ ਉਰਫ ਵੱਡਾ ਲਾਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 5 ਮੋਬਾਇਲ ਫੋਨ ਅਤੇ ਵਾਰਦਾਤਾਂ ’ਚ ਵਰਤਿਆ ਜਾਣ ਵਾਲਾ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪੁੱਛਗਿਛ ਦੇ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਜਾਣਕਾਰੀ ਦਿੰਦਿਆਂ ਥਾਣਾ ਪੀਏਯੂ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਵਿਕਾਸ ਕੁਮਾਰ ਨਾਮ ਦੇ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਬੀਸ਼ ਮਾਰਕੀਟ ਤੋਂ ਥੋੜੀ ਦੂਰੀ ਤੇ ਸੀ ਇਸੇ ਦੌਰਾਨ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ 2 ਨੌਜਵਾਨ ਆਏ ਜੋ ਉਸ ਦੇ ਪਹਿਲਾਂ ਤੋਂ ਹੀ ਵਾਕਫ ਸਨ। ਇੱਕ ਨੌਜਵਾਨ ਪ੍ਰਤਾਪ ਸਿੰਘ ਵਾਲਾ ਦਾ ਰਹਿਣ ਵਾਲਾ ਪ੍ਰਦੀਪ ਉਰਫ ਵੱਡਾ ਲਲਾ ਸੀ ਅਤੇ ਦੂਸਰਾ ਐਫ ਬਲਾਕ ਰਿਸ਼ੀ ਨਗਰ ਦਾ ਵਾਸੀ ਰਾਹੁਲ ਸੀ। ਮੁਲਜ਼ਮਾਂ ਨੇ ਵਿਕਾਸ ਨੂੰ ਰੋਕ ਕੇ ਇਹ ਆਖਿਆ ਕਿ ਉਨ੍ਹਾਂ ਨੂੰ ਨਸ਼ੇ ਦੀ ਤੋੜ ਲੱਗੀ ਹੋਈ ਹੈ ਅਤੇ ਉਸ ਕੋਲ ਜੋ ਕੁਝ ਵੀ ਹੈ ਉਹ ਦੇ ਦੇਵੇ। ਵਿਕਾਸ ਨੇ ਜਦ ਵਿਰੋਧ ਕੀਤਾ ਤਾਂ ਪ੍ਰਦੀਪ ਨੇ ਆਪਣੀ ਡੱਬ ਵਿੱਚੋਂ ਲੋਹੇ ਦਾ ਦਾਤ ਅਤੇ ਰਾਹੁਲ ਨੇ ਰਾਡ ਕੱਢ ਲਈ। ਲੁੱਟ ਦੀ ਨੀਅਤ ਨਾਲ ਮੁਲਜ਼ਮਾਂ ਨੇ ਵਿਕਾਸ ਤੇ ਤਾਬੜ ਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਜ਼ਖਮੀ ਕਰਕੇ ਜਮੀਨ ਤੇ ਸੁੱਟ ਦਿੱਤਾ। ਮੁਲਜ਼ਮ ਵਿਕਾਸ ਕੋਲੋਂ ਨਕਦੀ ਅਤੇ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਹੋਏ ਵਿਕਾਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਮੁੱਢਲੇ ਇਲਾਜ ਤੇ ਮੈਡੀਕਲ ਤੋਂ ਬਾਅਦ ਉਸ ਨੂੰ ਬੱਸੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਥਾਣਾ ਮੁਖੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਮਿਲੀ ਤਾਂ ਤੁਰੰਤ ਐਫਆਈਆਰ ਦਰਜ ਕਰਨ ਤੋਂ ਬਾਅਦ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ। ਪੜਤਾਲ ਦੇ ਦੌਰਾਨ ਪੁਲਿਸ ਨੇ ਮੁਲਜ਼ਮ ਪ੍ਰਦੀਪ ਉਰਫ ਵੱਡਾ ਲੱਲਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਚੋਂ ਚੋਰੀਸ਼ੁਦਾ ਮੋਟਰਸਾਈਕਲ, ਵੱਖ-ਵੱਖ ਕੰਪਨੀਆਂ ਦੇ 5 ਮੋਬਾਇਲ ਫੋਨ ਅਤੇ ਲੁੱਟ ਦੀ ਰਕਮ ਬਰਾਮਦ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰਾਹੁਲ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।