ਚਾਈਨਾ ਡੋਰ ਦੀ ਲਪੇਟ ’ਚ ਆਇਆ ਰਾਹਗੀਰ ਫੱਟੜ, ਨੱਕ ’ਤੇ ਲੱਗੇ 5 ਟਾਂਕੇ
ਚਾਈਨਾ ਡੋਰ ਦੀ ਲਪੇਟ ਵਿੱਚ ਆਇਆ ਰਾਹਗੀਰ ਫੱਟੜ, ਨੱਕ ਤੇ ਲੱਗੇ ਪੰਜ ਟਾਂਕੇ
Publish Date: Tue, 13 Jan 2026 08:17 PM (IST)
Updated Date: Wed, 14 Jan 2026 04:13 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਖਤੀ ਦੇ ਬਾਵਜੂਦ ਸ਼ਹਿਰ ’ਚ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਹੋਈ, ਜਿੱਥੇ ਬੀਤੇ ਦਿਨੀ ਇਸ ਖੂਨੀ ਡੋਰ ਦੀ ਲਪੇਟ ’ਚ ਆ ਕੇ ਪ੍ਰਤਾਪ ਚੌਕ ਦੇ ਪੁਲ ਉੱਪਰ ਇੱਕ ਵਿਅਕਤੀ ਗੰਭੀਰ ਰੂਪ ’ਚ ਫੱਟੜ ਹੋ ਗਿਆ ਉੱਥੇ ਮੰਗਲਵਾਰ ਨੂੰ ਲੋਹੜੀ ਦਾ ਸਾਮਾਨ ਖਰੀਦਣ ਜਾ ਰਿਹਾ ਸਕੂਟਰ ਸਵਾਰ ਇੱਕ ਰਾਹਗੀਰ ਡੋਰ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਰੂਪ ’ਚ ਫੱਟੜ ਹੋ ਗਿਆ। ਜਾਣਕਾਰੀ ਦਿੰਦਿਆਂ ਕਾਰੋਬਾਰੀ ਰਾਜੇਸ਼ ਗੁਪਤਾ ਨੇ ਦੱਸਿਆ ਕਿ ਉਹ ਸਕੂਟਰ ’ਤੇ ਸਵਾਰ ਹੋ ਕੇ ਲੋਹੜੀ ਦਾ ਸਾਮਾਨ ਖਰੀਦਣ ਜਾ ਰਹੇ ਸਨ। ਮੰਗਲਵਾਰ ਦੁਪਹਿਰ ਨੂੰ ਉਹ ਜਿਵੇਂ ਹੀ ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਪਹੁੰਚੇ ਤਾਂ ਉਹ ਖੂਨੀ ਡੋਰ ਦੀ ਲਪੇਟ ’ਚ ਆ ਗਏ। ਸਕੂਟਰ ਸਵਾਰ ਰਾਜੇਸ਼ ਗੁਪਤਾ ਦੇ ਨੱਕ ’ਤੇ ਗੰਭੀਰ ਸੱਟ ਲੱਗੀ। ਉਨ੍ਹਾਂ ਦੱਸਿਆ ਕਿ ਸਕੂਟਰ ਦੀ ਰਫਤਾਰ ਬਹੁਤ ਘੱਟ ਸੀ ਤੇ ਉਨ੍ਹਾਂ ਆਪਣੀ ਗਰਦਨ ਹੇਠਾਂ ਕਰ ਕੇ ਵੱਡਾ ਹਾਦਸਾ ਟਾਲ ਦਿੱਤਾ। ਗੁਪਤਾ ਨੇ ਦੱਸਿਆ ਕਿ ਜੇਕਰ ਨੱਕ ਦੀ ਜਗ੍ਹਾ ਉਨ੍ਹਾਂ ਦੀ ਧੌਣ ’ਤੇ ਡੋਰ ਫਿਰ ਜਾਂਦੀ ਤਾਂ ਜਾਨੀ ਨੁਕਸਾਨ ਵੱਡਾ ਹੋਣਾ ਸੀ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ 5 ਟਾਂਕੇ ਲੱਗੇ ਹਨ। ਕਾਬਲੇਗੌਰ ਹੈ ਕਿ ਅਜਿਹਾ ਹੀ ਇੱਕ ਹੋਰ ਹਾਦਸਾ 3 ਦਿਨ ਪਹਿਲਾਂ ਪ੍ਰਤਾਪ ਚੌਕ ਵਾਲੇ ਪੁਲ ’ਤੇ ਵਾਪਰਿਆ ਸੀ। ਡੋਰ ਦੀ ਲਪੇਟ ’ਚ ਆਇਆ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਗੰਭੀਰ ਰੂਪ ’ਚ ਫੱਟੜ ਹੋ ਗਿਆ ਸੀ। ਗਰਦਨ ’ਤੇ ਡੋਰ ਫਿਰਨ ਤੋਂ ਬਾਅਦ ਹੋਰ ਰਾਹਗੀਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਕਾਰੋਬਾਰੀ ਰਾਜੇਸ਼ ਗੁਪਤਾ ਨੇ ਇਸ ਮੌਕੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਖੂਨੀ ਡੋਰ ਦੀ ਵਿਕਰੀ ’ਤੇ ਪਾਬੰਦੀ ਲਾਉਣ। ਉਨਾਂ ਆਖਿਆ ਕਿ ਇਸ ਡੋਰ ਦੀ ਵਰਤੋਂ ਪਸ਼ੂ ਪੰਛੀਆਂ ਦੇ ਨਾਲ-ਨਾਲ ਇਨਸਾਨੀ ਜੀਵਨ ਨੂੰ ਵੀ ਖਤਰੇ ’ਚ ਪਾ ਰਹੀ ਹੈ। ਰਾਜੇਸ਼ ਗੁਪਤਾ ਨੇ ਕਿਹਾ ਕਿ ਕੁਝ ਪੈਸੇ ਕਮਾਉਣ ਦੇ ਲਾਲਚ ’ਚ ਪਸ਼ੂ ਪੰਛੀਆਂ ਤੇ ਇਨਸਾਨੀ ਜਾਨਾਂ ਨਾਲ ਖੇਡਣ ਵਾਲੇ ਕੁਝ ਵਿਅਕਤੀ ਇਸ ਖੂਨੀ ਡੋਰ ਨੂੰ ਧੜੱਲੇ ਨਾਲ ਵੇਚ ਰਹੇ ਹਨ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਡੋਰ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ।