ਹੋਟਲ ਦੇ ਕਮਰੇ 'ਚ ਵੀ ਸੁਰੱਖਿਅਤ ਨਹੀਂ ਮੁਸਾਫ਼ਿਰ! ਕਾਰੋਬਾਰੀ ਦੇ ਬੈਗ 'ਚੋਂ ਸਵਾ ਲੱਖ ਚੋਰੀ; ਹੋਟਲ ਸਟਾਫ਼ ਸ਼ੱਕ ਦੇ ਘੇਰੇ 'ਚ
ਲੁਧਿਆਣਾ ਦੇ ਇੱਕ ਨਾਮੀ ਹੋਟਲ ਵਿੱਚ ਰੁਕੇ ਕਾਰੋਬਾਰੀ ਦੇ ਕਮਰੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਬਲਪੁਰ ਤੋਂ ਕੰਮ ਦੇ ਸਿਲਸਿਲੇ ਵਿੱਚ ਆਏ ਕਾਰੋਬਾਰੀ ਨੇ ਹੋਟਲ ਦੇ ਸਟਾਫ਼ 'ਤੇ ਚੋਰੀ ਦਾ ਸ਼ੱਕ ਜਤਾਇਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 18 Apr 2026 03:29 PM (IST)
Updated Date: Sat, 18 Apr 2026 04:02 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਦੇ ਇੱਕ ਨਾਮੀ ਹੋਟਲ ਵਿੱਚ ਰੁਕੇ ਕਾਰੋਬਾਰੀ ਦੇ ਕਮਰੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਬਲਪੁਰ ਤੋਂ ਕੰਮ ਦੇ ਸਿਲਸਿਲੇ ਵਿੱਚ ਆਏ ਕਾਰੋਬਾਰੀ ਨੇ ਹੋਟਲ ਦੇ ਸਟਾਫ਼ 'ਤੇ ਚੋਰੀ ਦਾ ਸ਼ੱਕ ਜਤਾਇਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁੱਤੇ ਪਏ ਕਾਰੋਬਾਰੀ ਦਾ ਬੈਗ ਫਰੋਲਿਆ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਬਲਪੁਰ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਸਈਅਦ ਫੈਜ਼ਾਨ ਰਹਿਮਾਨੀ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਲੁਧਿਆਣਾ ਆਇਆ ਸੀ ਅਤੇ ਸ਼ਹਿਰ ਦੇ 'ਹੋਟਲ ਟਾਊਨ ਹਾਊਸ' ਦੇ ਕਮਰਾ ਨੰਬਰ 19 ਵਿੱਚ ਰੁਕਿਆ ਹੋਇਆ ਸੀ। ਫੈਜ਼ਾਨ ਮੁਤਾਬਕ ਉਹ ਰਾਤ ਨੂੰ ਕਮਰੇ ਵਿੱਚ ਸੁੱਤਾ ਪਿਆ ਸੀ, ਪਰ ਜਦੋਂ ਸਵੇਰੇ ਉੱਠਿਆ ਤਾਂ ਦੇਖਿਆ ਕਿ ਉਸਦਾ ਬੈਗ ਖੁੱਲ੍ਹਾ ਪਿਆ ਸੀ। ਜਾਂਚ ਕਰਨ 'ਤੇ ਬੈਗ ਵਿੱਚੋਂ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
ਹੋਟਲ ਮੁਲਾਜ਼ਮਾਂ 'ਤੇ ਜਤਾਇਆ ਸ਼ੱਕ
ਕਾਰੋਬਾਰੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਿੱਧੇ ਤੌਰ 'ਤੇ ਹੋਟਲ ਦੇ ਸਟਾਫ਼ ਮੈਂਬਰਾਂ 'ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਸਦਾ ਕਹਿਣਾ ਹੈ ਕਿ ਕਮਰੇ ਦੇ ਅੰਦਰੋਂ ਇਸ ਤਰ੍ਹਾਂ ਸਫ਼ਾਈ ਨਾਲ ਨਕਦੀ ਚੋਰੀ ਕਰਨਾ ਕਿਸੇ ਭੇਤੀ ਦਾ ਹੀ ਕੰਮ ਹੋ ਸਕਦਾ ਹੈ।
ਪੁਲਿਸ ਦੀ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫ਼ਸਰ ਕਰਨਦੀਪ ਸਿੰਘ ਨੇ ਦੱਸਿਆ ਕਿ ਸਈਅਦ ਫੈਜ਼ਾਨ ਰਹਿਮਾਨੀ ਦੀ ਸ਼ਿਕਾਇਤ 'ਤੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੋਟਲ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਸਟਾਫ਼ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।