ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ‘ਚੂਹਿਆਂ ਦੀ ਮੀਟਿੰਗ’ ਲੋਕ ਅਰਪਣ
ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ‘ਚੂਹਿਆਂ ਦੀ ਮੀਟਿੰਗ’ ਲੋਕ ਅਰਪਣ
Publish Date: Sat, 11 Apr 2026 06:31 PM (IST)
Updated Date: Sat, 11 Apr 2026 06:33 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ਼ਨਿੱਚਰਵਾਰ ਨੂੰ ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ’ਚ ਪੰਜਾਬੀ ਭਵਨ ਵਿਖੇ ਪਰਵਿੰਦਰ ਕੌਰ ਸੁੱਖ ਦੀ ਪਲੇਠੀ ਬਾਲ ਪੁਸਤਕ ‘ਚੂਹਿਆਂ ਦੀ ਮੀਟਿੰਗ’ ਲੋਕ ਅਰਪਣ ਕੀਤੀ ਗਈ। ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਦੱਸਿਆ ਕਿ ਪੁਸਤਕ ਵਿਚ ਪਾਠਕ ਦੀ ਸਮਝ ਵਿਚ ਆਉਣ ਵਾਲੇ ਆਮ ਸ਼ਬਦ ਵਰਤੇ ਗਏ ਹਨ। ਸਾਰੇ ਆਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਬੇਸ਼ੱਕ ਇਹ ਬਾਲ ਪੁਸਤਕ ਹੈ ਪਰ ਇਸ ਦੇ ਜਰੀਏ ਲੇਖਿਕਾ ਨੇ ਪਾਠਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਯਤਨ ਵੀ ਕੀਤਾ ਹੈ। ਜੈਕਾਰਿਆਂ ਦੀ ਗੂੰਜ ਵਿਚ ਡਾ. ਜਾਚਕ ਨੇ ਜੋਸ਼ੀਲੀ ਕਵਿਤਾ ‘ਸਾਨੂੰ ਐਵੇਂ ਨੀ ਦੁਨੀਆਂ ਸਰਦਾਰ ਕਹਿੰਦੀ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ’ ਨਾਲ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ। ਉਕਤ ਪੁਸਤਕ ਸੰਬੰਧੀ ਪੇਪਰ ਪੜ੍ਹਦੇ ਹੋਏ ਸਟੇਟ ਅਵਾਰਡੀ ਅਤੇ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਕਈ ਨਾਮੀ ਲੇਖਕਾਂ ਨੇ ਵੀ ਬਾਲ ਸਾਹਿਤ ਲਈ ਕੁੱਝ ਨਹੀਂ ਕੀਤਾ ਪਰ ਵਧਾਈ ਦੀ ਪਾਤਰ ਹੈ ਪਰਵਿੰਦਰ ਕੌਰ ਸੁੱਖ ਜਿਸਨੇ ਇਹ ਉਪਰਾਲਾ ਕੀਤਾ ਹੈ, ਪੁਸਤਕ ਦਾ ਸਿਰਲੇਖ ਬੱਚਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਹਿਤ ਦੀ ਦਾਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਜੇਕਰ ਮੈਂ ਇਹ ਕਹਾਂ ਕਿ ਇਹ ਪਰਮਾਤਮਾ ਵੱਲੋਂ ਦਿੱਤਾ ਗਿਆ ਇੱਕ ਤੋਹਫਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਲੇਖਿਕਾ ਨੂੰ ਮੁਬਾਰਕਵਾਦ ਦਿੰਦੇ ਹੋਏ ਦਵਿੰਦਰ ਸਿੰਘ ਲੋਟੇ ਡਿਪਟੀ ਡਾਇਰੈਕਟਰ ਸਪੋਰਟਸ ਐਂਡ ਯੂਥ ਸੇਵਾਵਾਂ ਲੁਧਿਆਣਾ ਨੇ ਵਿਦੇਸ਼ ਵਿਚ ਬੈਠੇ ਪੁੱਤ ਨੂੰ ਯਾਦ ਕਰਦੇ ਮਾਪਿਆਂ ਨੂੰ ਦਰਸਾਉਂਦੀ ਇੱਕ ਰਚਨਾ ਵੀ ਸਾਂਝੀ ਕੀਤੀ। ਇਸ ਮੌਕੇ ਪੁਸਤਕ ਦੇ ਸਾਰਥਕ ਪੱਖਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਮਾਗਮ ਦੌਰਾਨ ਪ੍ਰਸਿੱਧ ਕਵੀਆਂ ਅਤੇ ਕਵਿੱਤਰੀਆਂ ਵੱਲੋਂ ਕਵੀ ਦਰਬਾਰ ਰਾਹੀਂ ਸਾਹਿਤਕ ਰੰਗ ਬਿਖੇਰੇ ਗਏ। ਗੀਤਕਾਰ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਨੇ ਵਕਤ ਦੀ ਅਹਿਮੀਅਤ ਨੂੰ ਬਿਆਨ ਕਰਦੀ ਇੱਕ ਰਚਨਾ ਹੱਥੋਂ ਵਕਤ ਗਵਾ ਲਿਆ ਜੇ ਉਲਝੀ ਫਿਰ ਨੀ ਸੁਲਝਣੀ ਤਾਣੀ ਸਰੋਤਿਆ ਦੇ ਰੂਬਰੂ ਕੀਤੀ। ਕਰਮਜੀਤ ਸਿੰਘ ਗਰੇਵਾਲ ਨੇ ਬੱਚਿਆਂ ਬਾਰੇ ਇਕ ਗੀਤ ਪੇਸ਼ ਕੀਤਾ ਜਦ ਕਿ ਮਨਦੀਪ ਕੌਰ ਭੰਮਰਾ ਨੇ ਇੱਕ ਕਵਿਤਾ ਆਪਣਾ ਭਲਾ ਬੁਰਾ ਮੈਂ ਪਛਾਣ ਸਕਦੀ ਹਾਂ ਸੁਣਾਈ। ਮਨਜੀਤ ਕੌਰ ਧੀਮਾਨ ਨੇ ਇੱਕ ਬਾਲ ਗੀਤ ਹਾਥੀ ਆਇਆ ਹਾਥੀ ਆਇਆ ਬੱਚਿਆਂ ਨੇ ਹੈ ਰੋਲਾ ਪਾਇਆ ਨਾਲ ਆਪਣੀ ਹਾਜ਼ਰੀ ਲਵਾਈ। ਬੀਬੀ ਚਰਨਜੀਤ ਕੌਰ ਨੇ ਇੱਕ ਕਵਿਤਾ ਵੈਦ ਜੋਗੀਆਂ ਦਾ ਗਾਇਨ ਕੀਤਾ। ਲੇਖਕ ਮਨਜੀਤ ਸਿੰਘ ਬੱਧਣ ਨੇ ਕਵਿਤਾ ਰਾਹੀਂ ਵਿਸਾਖੀ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਸੀਮਾ ਕਲਿਆਣ ਨੇ ਮਰਨ ਤੋਂ ਬਾਅਦ ਕੋਣ ਕੀਹਨੂੰ ਵੇਖਦਾ ਰਚਨਾ ਰਾਹੀਂ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦੀ ਗੱਲ ਕੀਤੀ। ਇਸ ਮੌਕੇ ਹਰਵਿੰਦਰ ਥਰੀਕੇ, ਸਤਵਿੰਦਰ ਸਿੰਘ ਥਰੀਕੇ, ਜਸਵੰਤ ਕੌਰ ਗਰੇਵਾਲ, ਦੀਪ ਲੁਧਿਆਣਵੀ, ਕੁਲਵਿੰਦਰ ਕੌਰ ਕਿਰਨ ਧੀਮਾਨ, ਪਰਮਜੀਤ ਮਹਿਕ, ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ, ਸੁਰਿੰਦਰ ਦੀਪ ਕੌਰ, ਸਿਮਰਨ ਕੌਰ ਧੁੱਗਾ, ਡਾ.ਜਸਵੀਰ ਸਿੰਘ ਗਰੇਵਾਲ, ਵਰਿੰਦਰ ਟੱਲੇਵਾਲੀਆ, ਇੰਜੀਨੀਅਰ ਕੇਵਲ ਹਠੂਰ, ਡਾ. ਤਰਲੋਚਨ ਸਿੰਘ, ਹਰਦੇਵ ਸਿੰਘ ਕਲਸੀ, ਭਗਵਾਨ ਸਿੰਘ ਢਿੱਲੋ, ਡਾ. ਰਣਜੀਤ ਸਿੰਘ ਆਦਿ ਹਾਜ਼ਰ ਸਨ। ਲੋਕ ਅਰਪਣ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਲੋਕ ਅਰਪਣ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਪਰਵਿੰਦਰ ਕੌਰ ਸੁੱਖ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸਮਾਗਮ ਵਿਚ ਬੋਲਣ ਨਾਲੋਂ ਵੱਧ ਸੁਣਨਾ ਵੀ ਇਕ ਕਲਾ ਹੈ। ਸੁਣਨ ਵਿੱਚੋਂ ਬਹੁਤ ਕੁੱਝ ਲੱਭਦਾ ਹੈ। ਉਨ੍ਹਾਂ ਜਿੱਥੇ ਮਾਂ ਦੀ ਮਹਾਨਤਾ ਨੂੰ ਦਰਸਾਉਂਦਾ ਗੀਤ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਪੇਸ਼ ਕੀਤਾ ਉੱਥੇ ਸਭ ਦੀ ਫਰਮਾਇਸ਼ ਤੇ ਆਪਣਾ ਚਰਚਿਤ ਗੀਤ ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਵੀ ਸੁਣਾਇਆ। ਪਾਲੀ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਹਮੇਸ਼ਾ ਪਰਿਵਾਰ ਵਿਚ ਸੁਣੇ ਜਾਣ ਵਾਲੇ ਗੀਤ ਲਿਖਣ ਅਤੇ ਗਾਉਣ ਦਾ ਯਤਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਫਰ ਉਹ ਨਿਰੰਤਰ ਜਾਰੀ ਰੱਖਣਗੇ। ਇਸ ਮੌਕੇ ਕਵੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।