ਇਬਾਦਤ ਨਾਲ ਜੰਨਤ ਪਰ ਖਿਦਮਤ ਨਾਲ ਮਿਲਦਾ ਹੈ ਖੁਦਾ : ਸ਼ਾਹੀ ਇਮਾਮ
ਇਬਾਦਤ ਨਾਲ ਜੰਨਤ ਪਰ ਖਿਦਮਤ ਨਾਲ ਮਿਲਦਾ ਹੈ ਖੁਦਾ- ਸ਼ਾਹੀ ਇਮਾਮ
Publish Date: Fri, 06 Mar 2026 07:51 PM (IST)
Updated Date: Fri, 06 Mar 2026 07:54 PM (IST)

- ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਕੀਤਾ ਸੰਬੋਧਿਤ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਬੰਦੇ ਦਾ ਆਪਣੇ ਰੱਬ ਨਾਲ ਇਜਹਾਰ-ਏ-ਇਸ਼ਕ ਦਾ ਮਹੀਨਾ ਹੈ। ਬੰਦਾ ਆਪਣੇ ਰੱਬ ਨੂੰ ਰਾਜੀ ਕਰਨ ਲਈ ਉਸ ਦੇ ਹੁਕਮ ਦੇ ਮੁਤਾਬਿਕ ਆਪਣਾ ਵਕਤ ਗੁਜਾਰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਅੱਲ੍ਹਾਹ ਤਾਆਲਾ ਸਾਡੀ ਨੀਅਤ ਨੂੰ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਕੌਣ ਦਿਖਾਵੇ ਦਾ ਭੁੱਖਾ ਪਿਆਸਾ ਹੈ ਅਤੇ ਕੌਣ ਸੱਚਾ ਰੋਜੇਦਾਰ ਹੈ। ਮੌਲਾਨਾ ਨੇ ਕਿਹਾ ਕਿ ਅੱਲ੍ਹਾਹ ਦੇ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸੱਲਮ ਰਮਜਾਨ ਸ਼ਰੀਫ ਦੇ ਪਵਿੱਤਰ ਮਹੀਨੇ ਵਿੱਚ ਤੇਜ਼ ਚੱਲਣ ਵਾਲੀ ਹਵਾ ਨਾਲੋਂ ਵੀ ਜ਼ਿਆਦਾ ਦਾਨੀ ਸਨ। ਸ਼ਾਹੀ ਇਮਾਮ ਨੇ ਕਿਹਾ ਕਿ ਰਮਜਾਨ ਸ਼ਰੀਫ ਵਿੱਚ ਸਾਨੂੰ ਚਾਹੀਦਾ ਹੈ ਕਿ ਧਾਰਮਿਕ ਕੰਮਾਂ ਤੋਂ ਵੀ ਪਹਿਲਾਂ ਮਾਲੀ ਰੂਪ ਵਿੱਚ ਕਮਜੋਰ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਕਰੀਏ। ਉਨ੍ਹਾਂ ਕਿਹਾ ਕਿ ਗੁਆਂਢੀ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਜੇਕਰ ਉਹ ਭੁੱਖਾ ਹੈ ਤਾਂ ਮੁਸਲਮਾਨ ਉੱਤੇ ਉਸ ਦੀ ਮਦਦ ਕਰਨਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਲ੍ਹਾਹ ਤਾਆਲਾ ਆਪਣੇ ਉਨ੍ਹਾਂ ਬੰਦਿਆਂ ਨਾਲ ਬਹੁਤ ਪਿਆਰ ਕਰਦਾ ਹੈ ਜੋ ਕਿ ਉਸਦੇ ਬੰਦਿਆਂ ਦੀ ਮਦਦ ਕਰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਬਾਦਤ ਨਾਲ ਜੰਨਤ ਮਿਲਦੀ ਹੈ ਪਰ ਖਿਦਮਤ ਨਾਲ ਖੁਦਾ ਮਿਲਦਾ ਹੈ। ਇਸ ਲਈ ਜੇਕਰ ਅਸੀ ਚਾਹੁੰਦੇ ਹਾਂ ਕਿ ਖੁਦਾ ਸਾਡਾ ਦੋਸਤ ਬਣ ਜਾਵੇ ਤਾਂ ਬਿਨਾਂ ਭੇਦਭਾਵ ਦੇ ਕਮਜ਼ੋਰ ਇਨਸਾਨਾਂ ਦੀ ਮਦਦ ਕਰੋ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰਮਜਾਨ ਦਾ ਇਹ ਪਵਿੱਤਰ ਮਹੀਨਾ ਸਾਨੂੰ ਇਸੇ ਤਰ੍ਹਾਂ ਪਿਆਰ-ਮੁਹਬੱਤ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ।