ਪਤੀ-ਪਤਨੀ ਦੇ ਵਿਵਾਦ ’ਤੇ ਬੁਲਾਈ ਪੰਚਾਇਤ ਹਿੰਸਾ ’ਚ ਬਦਲੀ
ਪਤੀ-ਪਤਨੀ ਦੇ ਵਿਵਾਦ ’ਤੇ ਬੁਲਾਈ ਪੰਚਾਇਤ ਹਿੰਸਾ ’ਚ ਬਦਲੀ
Publish Date: Mon, 09 Feb 2026 08:41 PM (IST)
Updated Date: Tue, 10 Feb 2026 04:11 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ: ਬੀਤੇ ਐਤਵਾਰ ਦੀ ਸ਼ਾਮ ਨੂੰ ਪਿੰਡ ਹਲਵਾਰਾ ਦੇ ਪੰਚਾਇਤ ਘਰ ’ਚ ਇਕ ਪਰਿਵਾਰਕ ਵਿਵਾਦ ਨੂੰ ਸੁਲਝਾਉਣ ਲਈ ਬੁਲਾਈ ਗਈ। ਪੰਚਾਇਤ ਦੌਰਾਨ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਗੱਲਬਾਤ ਤਕਰਾਰ ਵਿੱਚ ਬਦਲ ਗਈ ਅਤੇ ਹੱਥੋਪਾਈ ਹੋ ਗਈ। ਇਸ ਝਗੜੇ ਵਿੱਚ ਸੰਦੀਪ ਸਿੰਘ ਅਤੇ ਉਸ ਦੇ ਫੁੱਫੜ ਭਿੰਦਰ ਸਿੰਘ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਦੇ ਵਿਆਹ ਨੂੰ ਲੱਗਭੱਗ ਪੰਜ ਸਾਲ ਹੋ ਚੁੱਕੇ ਹਨ ਅਤੇ ਉਸ ਦੇ ਚਾਰ ਸਾਲ ਦਾ ਪੁੱਤਰ ਅਤੇ ਕਰੀਬ ਚਾਰ ਮਹੀਨਿਆਂ ਦੀ ਧੀ। ਦੋਹਾਂ ਪਤੀ-ਪਤਨੀ ਵਿਚਕਾਰ ਵਿਆਹ ਦੇ ਸ਼ੁਰੂ ਤੋਂ ਹੀ ਅਣਬਣ ਚੱਲਦੀ ਆ ਰਹੀ ਸੀ, ਜਿਸ ਕਾਰਨ ਪਿੰਡ ਪੱਧਰ ’ਤੇ ਕਈ ਵਾਰ ਪੰਚਾਇਤੀ ਰਾਜ਼ੀਨਾਮੇ ਵੀ ਕਰਵਾਏ ਗਏ। ਬਾਅਦ ਵਿੱਚ ਸੰਦੀਪ ਸਿੰਘ ਆਪਣੀ ਪਤਨੀ ਨਾਲ ਮਾਪਿਆਂ ਤੋਂ ਅਲੱਗ ਰਹਿਣ ਲੱਗ ਪਿਆ। ਰਾਏਕੋਟ ਹਸਪਤਾਲ ਵਿੱਚ ਜ਼ੇਰੇ ਇਲਾਜ ਸੰਦੀਪ ਸਿੰਘ ਨੇ ਦੱਸਿਆ ਕਿ ਰੱਖੜੀ ਮੌਕੇ ਉਸ ਦੀ ਪਤਨੀ ਸੁਖਵਿੰਦਰ ਕੌਰ ਆਪਣੇ ਮਾਪਿਆਂ ਦੇ ਘਰ ਪਿੰਡ ਜਲਵਾਣਾ ਗਈ ਸੀ, ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਉਸ ਅਨੁਸਾਰ ਪੁੱਤਰ ਉਸਦੇ ਕੋਲ ਹੈ, ਜਦਕਿ ਨਵਜਾਤ ਧੀ ਮਾਂ ਕੋਲ ਰਹਿ ਰਹੀ ਹੈ। ਸੰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਨੇ ਉਸ ਦੀ ਪਤਨੀ ਦੇ ਗਹਿਣੇ ਅਤੇ ਹੋਰ ਸਮਾਨ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਐਤਵਾਰ ਨੂੰ ਪਿੰਡ ਹਲਵਾਰਾ ਵਿੱਚ ਪੰਚਾਇਤ ਬੁਲਾਈ ਗਈ ਸੀ, ਜਿਸ ’ਚ ਦੋਹਾਂ ਧਿਰਾਂ ਦੇ ਪਰਿਵਾਰਕ ਮੈਂਬਰ, ਪੰਚ ਅਤੇ ਸਰਪੰਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੰਚਾਇਤ ਦੌਰਾਨ ਜਦੋਂ ਲੜਕੀ ਨੂੰ ਨਾਲ ਬਿਠਾ ਕੇ ਗੱਲਬਾਤ ਕਰਨ ਦੀ ਗੱਲ ਹੋਈ ਤਾਂ ਤਕਰਾਰ ਵਧ ਗਈ ਅਤੇ ਹਾਲਾਤ ਹਿੰਸਕ ਹੋ ਗਏ। ਇਸ ਦੌਰਾਨ ਲੜਕੀ ਪਰਿਵਾਰ ਨਾਲ ਆਏ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਬਚਾਉਣ ਲਈ ਅੱਗੇ ਆਏ ਫੁੱਫੜ ਭਿੰਦਰ ਸਿੰਘ ਨੂੰ ਧੱਕਾ ਲੱਗਣ ਕਾਰਨ ਉਹ ਡਿੱਗ ਪਏ, ਜਿਸ ਨਾਲ ਉਨ੍ਹਾਂ ਦਾ ਹੱਥ ਟੁੱਟ ਗਿਆ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਪਹਿਲਾਂ ਸੁਧਾਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਬਾਅਦ ਵਿੱਚ ਰਾਏਕੋਟ ਰੈਫ਼ਰ ਕੀਤਾ ਗਿਆ। ਲੜਕੇ ਵਾਲਿਆਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦਾ ਸ਼ਾਂਤਮਈ ਹੱਲ ਚਾਹੁੰਦੇ ਸਨ, ਪਰ ਪੰਚਾਇਤ ਦੌਰਾਨ ਹਿੰਸਾ ਹੋ ਗਈ। ਦੂਜੇ ਪਾਸੇ, ਲੜਕੀ ਦੇ ਪਿਤਾ ਅਮਰੀਕ ਸਿੰਘ ਨੇ ਆਪਣੇ ਪੱਖ ਵਿੱਚ ਦੱਸਿਆ ਕਿ ਉਹ ਸਿਰਫ਼ ਪਰਿਵਾਰਕ ਝਗੜੇ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਪੰਚਾਇਤ ਵਿੱਚ ਗਏ ਸਨ। ਉਨ੍ਹਾਂ ਕਿਹਾ, ਅਸੀਂ ਲੜਕੇ ਵਾਲੇ ਪਰਿਵਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਅਸੀਂ ਲੜਕੀ ਨੂੰ ਵੀ ਨਾਲ ਲੈ ਆਵਾਂਗੇ ਪਰ ਪਹਿਲਾਂ ਬੈਠ ਕੇ ਸਾਰਾ ਮਸਲਾ ਹੱਲ ਕਰ ਲਈਏ। ਪਰ ਲੜਕੇ ਵਾਲੇ ਲੜਕੀ ਨੂੰ ਲੈ ਕੇ ਆਉਣ ’ਤੇ ਜ਼ਿੱਦ ਕਰਦੇ ਰਹੇ ਅਤੇ ਪੂਰੀ ਪੰਚਾਇਤ ਨੂੰ ਅਪਮਾਨਜਨਕ ਸ਼ਬਦ ਬੋਲੇ।’ ਜਿਸ ਕਾਰਨ ਹੱਥੋਪਾਈ ਹੋ ਗਈ ਅਤੇ ਲੜਕੇ ਵਾਲਿਆਂ ਵੱਲੋਂ ਹਮਲਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਅਤੇ ਇੱਕ ਪੰਚਾਇਤ ਮੈਂਬਰ ਨੂੰ ਸੱਟਾਂ ਲੱਗੀਆਂ। ਸੱਟਾਂ ਕਾਰਨ ਉਹ ਸੁਧਾਰ ਸਰਕਾਰੀ ਹਸਪਤਾਲ ਗਏ, ਜਿੱਥੋਂ ਉਨ੍ਹਾਂ ਨੂੰ ਰਾਏਕੋਟ ਰੈਫਰ ਕਰ ਦਿੱਤਾ ਗਿਆ ਸੀ। ਰਾਏਕੋਟ ਤੋਂ ਦਵਾਈ ਲੈ ਕੇ ਘਰ ਵਾਪਸ ਆ ਗਏ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁਧਾਰ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸੁਧਾਰ ਦੇ ਐੱਸਐੱਚਓ ਗੁਰਦੀਪ ਸਿੰਘ ਨੇ ਕਿਹਾ ਕਿ ਜਲਵਾਣਾ ਅਤੇ ਹਲਵਾਰਾ ਪੰਚਾਇਤਾਂ ਵਿਚਕਾਰ ਬੈਠਕ ਦੌਰਾਨ ਵਾਪਰੇ ਝਗੜੇ ਬਾਰੇ ਦਰਖਾਸਤ ਮਿਲੀ ਹੈ। ਦੋਵਾਂ ਧਿਰਾਂ ਦੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।