ਬੇਕਾਬੂ ਟਰੱਕ ਦੁਕਾਨਾਂ ਨਾਲ ਟਕਰਾਇਆ, ਵੱਡਾ ਹਾਦਸਾ ਟੱਲਿਆ
ਬੇਕਾਬੂ ਟਰੱਕ ਦੁਕਾਨਾਂ ‘ਚ ਵੱਜਿਆ, ਵੱਡਾ ਹਾਦਸਾ ਟੱਲਿਆ
Publish Date: Sat, 18 Apr 2026 06:14 PM (IST)
Updated Date: Sat, 18 Apr 2026 06:18 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਚੀਮਾ ਚੌਕ ਵਿਖੇ ਇਕ ਭਿਆਨਕ ਹਾਦਸਾ ਵਾਪਰਿਆ ਗਿਆ, ਜਿਸ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਕ ਟਰੱਕ, ਜੋ ਲੋਡਿੰਗ ਲਈ ਜਾ ਰਿਹਾ ਸੀ, ਅਚਾਨਕ ਤਕਨੀਕੀ ਖਰਾਬੀ ਕਾਰਨ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਸਥਿਤ ਦੁਕਾਨਾਂ ਨਾਲ ਜਾ ਟਕਰਾਇਆ। ਇਹ ਘਟਨਾ ਕਰੀਬ ਰਾਤ 1:30 ਤੋਂ 2 ਵਜੇ ਦੇ ਦਰਮਿਆਨ ਦੀ ਦੱਸੀ ਜਾ ਰਹੀ ਹੈ। ਪ੍ਰਤੱਖਦਰਸ਼ੀ ਦੁਕਾਨਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਸੌ ਰਹੇ ਸਨ, ਇਸੇ ਦੌਰਾਨ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਆਈ। ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਇਕ ਟਰੱਕ ਉਨ੍ਹਾਂ ਦੀ ਦੁਕਾਨ ਦੇ ਗੇਟ ਨਾਲ ਜਾ ਟਕਰਾਇਆ ਸੀ ਅਤੇ ਨਾਲ ਹੀ ਇਕ ਹੋਰ ਦੁਕਾਨ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਸੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੁਕਾਨਾਂ ਦੇ ਸ਼ਟਰ ਪੂਰੀ ਤਰ੍ਹਾਂ ਟੁੱਟ ਗਏ ਤੇ ਬਿਜਲੀ ਦੇ ਮੀਟਰ ਵੀ ਨੁਕਸਾਨੇ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਟਰੱਕ ਚਾਲਕ ਦੀ ਹਾਲਤ ਦੀ ਜਾਂਚ ਕੀਤੀ। ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਚਾਲਕ ਨੇ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੀਤਾ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਟਰੱਕ ਦਾ ਗਿਅਰ ਜਾਂ ਹੋਰ ਮਕੈਨਿਕਲ ਹਿੱਸਾ ਅਚਾਨਕ ਫੇਲ੍ਹ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜਿਆ ਜਿਸ ਕਾਰਨ ਇਹ ਹਾਦਸਾ ਵਾਪਰ ਵਾਪਰ ਗਿਆ। ਚੰਗੀ ਕਿਸਮਤ ਦੇ ਚੱਲਦੇ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਖੁਦਾ ਨਾ ਖਾਸਤਾ ਜੇਕਰ ਇਹ ਘਟਨਾ ਦਿਨ ਵੇਲੇ ਵਾਪਰ ਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹਾਲਾਂਕਿ ਦੁਕਾਨਦਾਰਾਂ ਨੂੰ ਕਾਫੀ ਮਾਲੀ ਨੁਕਸਾਨ ਝੱਲਣਾ ਪਿਆ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਚੱਲ ਰਹੇ ਭਾਰੀ ਵਾਹਨਾਂ ਦੀ ਸਮੇਂ-ਸਮੇਂ ‘ਤੇ ਤਕਨੀਕੀ ਜਾਂਚ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਾਹਨਾਂ ਦੀ ਠੀਕ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।